ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਗੁਜਰਾਤ ਦੇ ਭਰੂਚ ਵਿੱਚ ਆਯੋਜਿਤ 'ਉਤਕਰਸ਼ ਸਮਾਗਮ' ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਹ ਲਾਭਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਭਾਵੁਕ ਹੋ ਗਏ। ਇਸ ਪ੍ਰੋਗਰਾਮ ਵਿੱਚ ਪੀਐਮ ਮੋਦੀ ਦੇ ਨਾਲ ਗੁਜਰਾਤ ਦੇ ਸੀਐਮ ਭੂਪੇਂਦਰ ਪਟੇਲ ਵੀ ਮੌਜੂਦ ਸਨ।


ਪ੍ਰੋਗਰਾਮ ਦੀ ਸ਼ੁਰੂਆਤ 'ਚ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਪੀਐੱਮ ਨੇ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਸਰਕਾਰ ਇਮਾਨਦਾਰ ਹੈ ਅਤੇ ਇੱਕ ਸੰਕਲਪ ਲੈ ਕੇ ਲਾਭਪਾਤਰੀ ਤੱਕ ਪਹੁੰਚਾਉਣ ਵਾਲੀ ਸਰਕਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਗੁਜਰਾਤ ਸਰਕਾਰ ਨੂੰ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਚਾਰ ਯੋਜਨਾਵਾਂ ਦੀ ਸ਼ਤ ਪ੍ਰਤੀਸ਼ਤ ਸੰਪੰਨਤਾ ਲਈ ਭਰੂਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਾ ਹਾਂ।


 






ਲਾਭਪਾਤਰੀ ਨਾਲ ਗੱਲ ਕਰਦੇ ਹੋਏ ਭਾਵੁਕ ਹੋ ਗਏ ਪ੍ਰਧਾਨ ਮੰਤਰੀ 


ਇਸ ਪ੍ਰੋਗਰਾਮ ਵਿੱਚ ਇੱਕ ਲਾਭਪਾਤਰੀ ਨਾਲ ਗੱਲ ਕਰਦੇ ਹੋਏ ਪੀਐਮ ਭਾਵੁਕ ਹੋ ਗਏ। ਉਹਨਾਂ ਸ਼ਖਸ ਨਾਲ ਵਾਅਦਾ ਕੀਤਾ ਕਿ ਉਹ ਉਸਦੀ ਦੀ ਧੀ ਦੇ ਡਾਕਟਰ ਬਣਨ ਦੇ ਉਸਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੇ। ਅਸਲ 'ਚ 'ਉਤਕਰਸ਼ ਸਮਾਗਮ' 'ਚ ਪੀਐੱਮ ਮੋਦੀ ਨਾਲ ਗੱਲਬਾਤ ਕਰਦੇ ਹੋਏ ਅਯੂਬ ਪਟੇਲ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਹ ਆਪਣੀਆਂ ਦੋਵੇਂ ਬੇਟੀਆਂ ਨੂੰ ਡਾਕਟਰ ਬਣਾਉਣਾ ਚਾਹੁੰਦਾ ਹੈ ਅਤੇ ਇਹ ਉਸ ਦਾ ਵੀ ਸੁਪਨਾ ਹੈ। ਉਸ ਦੇ ਸ਼ਬਦਾਂ 'ਤੇ ਭਾਵੁਕ ਹੋਏ ਪੀਐਮ ਨੇ ਮਦਦ ਦੀ ਪੇਸ਼ਕਸ਼ ਕੀਤੀ। "ਜੇ ਤੁਹਾਨੂੰ ਆਪਣੀਆਂ ਧੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਸੇ ਮਦਦ ਦੀ ਲੋੜ ਹੈ ਤਾਂ ਮੈਨੂੰ ਦੱਸੋ," ਉਹਨਾਂ ਕਿਹਾ।


ਪ੍ਰੋਗਰਾਮ ਵਿੱਚ 13 ਹਜ਼ਾਰ ਲਾਭਪਾਤਰੀਆਂ ਦੀ ਕੀਤੀ ਗਈ ਚੋਣ 


ਦੱਸ ਦੇਈਏ ਕਿ ਇਹ ਪ੍ਰੋਗਰਾਮ ਸਵੇਰੇ ਸਾਢੇ 10 ਵਜੇ ਸ਼ੁਰੂ ਹੋਇਆ ਸੀ। ਇਸ ਪ੍ਰੋਗਰਾਮ ਵਿੱਚ 100% ਲਾਭਪਾਤਰੀਆਂ ਤੱਕ ਪਹੁੰਚਣ ਲਈ ਚਾਰ ਸਰਕਾਰੀ ਸਕੀਮਾਂ ਨੂੰ ਰੇਖਾਂਕਿਤ ਕੀਤਾ ਗਿਆ। ਦਰਅਸਲ, ਉਤਕਰਸ਼ ਪਹਿਲਕਦਮੀ ਦੇ ਤਹਿਤ ਵਿਧਵਾਵਾਂ, ਬਜ਼ੁਰਗਾਂ ਅਤੇ ਬੇਸਹਾਰਾ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀਆਂ 4 ਸਰਕਾਰੀ ਯੋਜਨਾਵਾਂ ਦੇ ਤਹਿਤ ਲਗਭਗ 13 ਹਜ਼ਾਰ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਸੀ।