Chennai Airport News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ (8 ਅਪ੍ਰੈਲ) ਨੂੰ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 1,260 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਅਤਿ-ਆਧੁਨਿਕ ਏਕੀਕ੍ਰਿਤ ਟਰਮੀਨਲ ਭਵਨ (ਫੇਜ਼-1) ਦਾ ਉਦਘਾਟਨ ਕੀਤਾ। ਏਕੀਕ੍ਰਿਤ ਭਵਨ ਨੂੰ ਵਿਸ਼ੇਸ਼ ਤੌਰ 'ਤੇ ਰਾਜ ਦੀ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਣ ਲਈ ਤਿਆਰ ਕੀਤਾ ਗਿਆ ਹੈ। ਇਸ ਮੌਕੇ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਐੱਮ ਸਿੰਧੀਆ, ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਅਤੇ ਮੁੱਖ ਮੰਤਰੀ ਐਮਕੇ ਸਟਾਲਿਨ ਅਤੇ ਹੋਰ ਨੇਤਾ ਮੌਜੂਦ ਸਨ।


ਪ੍ਰਧਾਨ ਮੰਤਰੀ ਨੇ ਚੇਨਈ-ਕੋਇੰਬਟੂਰ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਈ ਅਤੇ ਫਿਰ ਚੇਨਈ ਵਿੱਚ ਰੋਡ ਸ਼ੋਅ ਕੱਢਿਆ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਪੀਐਮ ਮੋਦੀ ਤੇਲੰਗਾਨਾ ਦੇ ਦੌਰੇ 'ਤੇ ਵੀ ਗਏ ਸਨ। ਪ੍ਰਧਾਨ ਮੰਤਰੀ ਨੇ ਇੱਥੇ ਸਿਕੰਦਰਾਬਾਦ ਰੇਲਵੇ ਸਟੇਸ਼ਨ 'ਤੇ ਸਿਕੰਦਰਾਬਾਦ-ਤਿਰੂਪਤੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਉਦਘਾਟਨ ਕੀਤਾ।

 



ਵਿਰੋਧੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ
  


ਇਸ ਦੌਰਾਨ ਪੀਐਮ ਨੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਸੇ ਦਾ ਨਾਮ ਲਏ ਬਗ਼ੈਰ ਕਿਹਾ ਕਿ ਮੁੱਠੀ ਭਰ ਲੋਕ ਭਾਈ-ਭਤੀਜਾਵਾਦ ਨੂੰ ਹੱਲਾਸ਼ੇਰੀ ਦੇ ਰਹੇ ਹਨ, ਇਸ ਗੱਲ ਦੀ ਸੰਭਾਵਨਾ ਤਲਾਸ਼ ਰਹੇ ਹਨ ਕਿ ਉਹ ਤੇਲੰਗਾਨਾ ਦੇ ਲੋਕਾਂ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਤੋਂ ਲਾਭ ਕਿਵੇਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਸੂਬੇ ਵਿੱਚ ਕੇਂਦਰ ਦੀਆਂ ਸਕੀਮਾਂ ਪ੍ਰਤੀ ਸੱਤਾਧਾਰੀ ਧਿਰ ਵੱਲੋਂ ਕਥਿਤ ਤੌਰ ’ਤੇ ਨਾ-ਮਿਲਵਰਤਣ ’ਤੇ ਦੁੱਖ ਪ੍ਰਗਟਾਇਆ।

 

ਇਹ ਵੀ ਪੜ੍ਹੋ : ਮੋਗਾ ਦੇ ਬੁੱਕਣਵਾਲਾ ਰੋਡ 'ਤੇ ਗੁੰਡਾਗਰਦੀ ਦਾ ਨੰਗਾ ਨਾਚ , ਘਟਨਾ CCTV 'ਚ ਹੋਈ ਕੈਦ

ਪੀਐਮ ਨੇ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰਕੇ ਉਨ੍ਹਾਂ ਪਾਰਟੀਆਂ ਨੂੰ ਝਟਕਾ ਦਿੱਤਾ ਹੈ। ਕੁਝ ਦਿਨ ਪਹਿਲਾਂ ਕੁਝ ਸਿਆਸੀ ਪਾਰਟੀਆਂ ਨੇ ਅਦਾਲਤ ਵਿੱਚ ਜਾ ਕੇ ਸੁਰੱਖਿਆ ਮੰਗੀ ਸੀ ਕਿ ਕੋਈ ਸਾਡੇ ਭ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਨਾ ਕਰੇ। ਉਹ ਅਦਾਲਤ ਵਿਚ ਗਏ ਪਰ ਅਦਾਲਤ ਨੇ ਉਨ੍ਹਾਂ ਨੂੰ ਝਟਕਾ ਦੇ ਦਿੱਤਾ।

 ਸੁਪਰੀਮ ਕੋਰਟ ਗਈਆਂ ਵਿਰੋਧੀ ਪਾਰਟੀਆਂ

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਅਗਵਾਈ ਹੇਠਲੀਆਂ 14 ਸਿਆਸੀ ਪਾਰਟੀਆਂ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਹੋਰ ਨਾਗਰਿਕਾਂ ਵਿਰੁੱਧ ਅਸਹਿਮਤੀ ਦੇ ਆਪਣੇ ਮੌਲਿਕ ਅਧਿਕਾਰ ਦੀ ਵਰਤੋਂ ਕਰਨ ਲਈ ਸਖ਼ਤ ਅਪਰਾਧਿਕ ਮੁਕੱਦਮਿਆਂ ਵਿੱਚ ਚਿੰਤਾਜਨਕ ਵਾਧਾ ਹੋਣ ਦਾ ਦੋਸ਼ ਲਾਇਆ ਗਿਆ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।