ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਅਧਿਕਾਰਤ ਟਵਿੱਟਰ ਖਾਤੇ 'ਤੇ ਨਾਂ ਬਦਲ ਕੇ 'ਚੌਕੀਦਾਰ' ਨਰੇਂਦਰ ਮੋਦੀ ਰੱਖ ਲਿਆ ਹੈ। ਐਤਵਾਰ ਸਵੇਰ ਮੋਦੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ, ਰੇਲ ਮੰਤਰੀ ਪਿਊਸ਼ ਗੋਇਲ, ਸਿਹਤ ਮੰਤਰੀ ਜੇਪੀ ਨੱਡਾ ਤੇ ਹੋਰ ਵੀ ਕਈ ਉੱਘੇ ਨੇਤਾਵਾਂ ਨੇ ਆਪਣੇ ਨਾਂ ਦੇ ਅੱਗੇ ਚੌਕੀਦਾਰ ਸ਼ਬਦ ਲਾ ਲਿਆ ਹੈ।


ਇਨ੍ਹਾਂ ਮੰਤਰੀਆਂ ਨੇ ਆਪਣੇ ਖਾਤਿਆਂ 'ਤੇ 'ਮੈਂ ਵੀ ਚੌਕੀਦਾਰ' ਤੇ 'ਚੌਕੀਦਾਰ ਫਿਰ ਸੇ' ਹੈਸ਼ਟੈਗ ਨਾਲ ਪੋਸਟ ਕੀਤਾ ਹੈ। ਮੋਦੀ ਦੀ ਇਸ ਮੁਹਿੰਮ ਦਾ ਸਮਰਥਨ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦ ਸਿੰਘ ਰਾਵਤ, ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਤੇ ਪਾਰਟੀ ਬੁਲਾਰਾ ਮੁਖ਼ਤਾਰ ਅੱਬਾਸ ਨਕਵੀ ਨੇ ਵੀ ਕੀਤਾ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਰਾਫਾਲ ਲੜਾਕੂ ਜਹਾਜ਼ ਖਰੀਦ ਮਾਮਲੇ 'ਚ ਘਪਲੇਬਾਜ਼ੀ ਦਾ ਦੋਸ਼ ਲਾਉਂਦੇ ਹਨ ਤੇ ਕਹਿੰਦੇ ਹਨ ਚੌਕੀਦਾਰ ਹੀ ਚੋਰ ਹੈ। ਹਾਲਾਂਕਿ, 15 ਮਾਰਚ ਨੂੰ ਮੋਦੀ ਨੇ ਆਪਣੇ ਟਵਿੱਟਰ ਖਾਤੇ ਤੋਂ ਵੀਡੀਓ ਜਾਰੀ ਕਰ ਕੇ 'ਮੈਂ ਵੀ ਚੌਕੀਦਾਰ' ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਰ ਰਾਹੁਲ ਗਾਂਧੀ ਨੇ ਕੁਝ ਹੀ ਸਮੇਂ ਬਾਅਦ ਫਿਰ ਤੋਂ ਚੌਕੀਦਾਰ ਚੋਰ ਹੈ ਦਾ ਨਾਅਰਾ ਦਿੱਤਾ ਸੀ। ਇਸ ਤੋਂ ਮਗਰੋਂ ਹਰ ਰੋਜ਼ ਭਾਜਪਾ ਅਤੇ ਕਾਂਗਰਸ ਵੱਲੋਂ ਚੌਕੀਦਾਰ ਦੇ ਨਾਂਅ 'ਤੇ ਲੋਕਾਂ ਨੂੰ ਵੱਖ-ਵੱਖ ਨਾਅਰੇ ਦਿੱਤੇ ਜਾ ਰਹੇ ਹਨ।