ਸ਼ਿਮਲਾ: ਕੇਂਦਰ 'ਚ ਮੋਦੀ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ 31 ਮਈ ਨੂੰ ਰਾਜਧਾਨੀ ਸ਼ਿਮਲਾ 'ਚ ਇੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਹਿਮਾਚਲ ਵਿੱਚ ਚੁਣਾਵੀ ਸਾਲ ਹੋਣ ਕਾਰਨ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦੇ ਜਸ਼ਨ ਲਈ ਸ਼ਿਮਲਾ ਨੂੰ ਚੁਣਿਆ ਗਿਆ ਹੈ। ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। PM ਦੀ ਸੁਰੱਖਿਆ ਦਾ ਜਾਇਜ਼ਾ ਲੈਣ ਲਈ SPG ਦੀ ਟੀਮ ਵੀ ਸ਼ਿਮਲਾ ਪਹੁੰਚ ਗਈ ਹੈ। ਸਪੈਸ਼ਲ ਪ੍ਰੋਟੈਕਸ਼ਨ ਟੀਮ (ਐਸਪੀਜੀ) ਨੇ ਸ਼ਿਮਲਾ ਵਿੱਚ ਮੰਚ ਲਗਾਉਣ ਲਈ ਰਿਜ ਗਰਾਊਂਡ ਤੇ ਟਕਾ ਬੈਂਚ ਦੋਵਾਂ ਥਾਵਾਂ ਦਾ ਨਿਰੀਖਣ ਕੀਤਾ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਸ਼ਿਮਲਾ ਆ ਰਹੇ ਹਨ। ਇਸ ਦੌਰਾਨ ਉਹ ਰੈਲੀ ਨੂੰ ਸੰਬੋਧਨ ਕਰਨਗੇ। ਇਹ ਇੱਕ ਵਿਸ਼ਾਲ ਸਮਾਗਮ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਕੇਂਦਰ ਸਰਕਾਰ ਦੇ ਅੱਠ ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ ਦੇ ਹਿੱਸੇ ਵਜੋਂ ਸ਼ਿਮਲਾ ਤੋਂ ਰਾਸ਼ਟਰ ਨੂੰ ਸੰਬੋਧਨ ਕਰਨਗੇ। ਦੌਰੇ ਦੀਆਂ ਤਿਆਰੀਆਂ ਵਿੱਚ ਕੋਈ ਕਮੀ ਨਾ ਰਹਿ ਜਾਵੇ, ਇਸ ਲਈ ਸੂਬਾ ਸਕੱਤਰੇਤ ਤੋਂ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਦੇ ਸਾਰੇ ਅਧਿਕਾਰੀ ਹਰ ਕੰਮ ਨੂੰ ਗੰਭੀਰਤਾ ਨਾਲ ਕਰਨ ਵਿੱਚ ਲੱਗੇ ਹੋਏ ਹਨ।

ਐਨਾਡੇਲ, ਰਿਜ, ਪੀਟਰਹੌਫ ਵਿੱਚ ਫਾਇਰ ਇੰਜਣਾਂ ਦੇ ਨਾਲ ਫਾਇਰ ਵਿਭਾਗ ਵੱਲੋਂ ਦਮਕਲ ਗੱਡੀਆਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ। ਅੱਪਰ ਸ਼ਿਮਲਾ ਤੋਂ ਆਉਣ ਵਾਲੀਆਂ ਬੱਸਾਂ ਤੇ ਛੋਟੇ ਵਾਹਨਾਂ ਨੂੰ ਸੰਜੌਲੀ ਬਾਈਪਾਸ ਸਰਕਾਰੀ ਕਾਲਜ ਸੰਜੌਲੀ ਦੇ ਹੇਠਾਂ ਛੱਡਿਆ ਜਾਵੇਗਾ ਤੇ ਢਲੀ ਬਾਈਪਾਸ ਰੋਡ 'ਤੇ ਵਾਪਸ ਭੇਜਿਆ ਜਾਵੇਗਾ। ਸੋਲਨ ਤੇ ਸਿਰਮੌਰ ਵਾਲੇ ਪਾਸੇ ਤੋਂ ਆਉਣ ਵਾਲੀਆਂ ਬੱਸਾਂ ਨੂੰ ਕਰਾਸਿੰਗ ਤੋਂ ਆਈਐਸਬੀਟੀ ਵੱਲ ਮੋੜਿਆ ਜਾਵੇਗਾ ਤੇ ਛੋਟੇ ਵਾਹਨਾਂ ਨੂੰ 103 ਤੋਂ ਆਈਐਸਬੀਟੀ ਵੱਲ ਵਾਪਸ ਭੇਜਿਆ ਜਾਵੇਗਾ। ਪੰਨੂ ਵੱਲੋਂ ਹਿਮਾਚਲ ਪ੍ਰਦੇਸ਼ ਨੂੰ ਦਿੱਤੀ ਜਾ ਰਹੀ ਧਮਕੀ ਦਰਮਿਆਨ ਸੁਰੱਖਿਆ ਏਜੰਸੀਆਂ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਚੌਕਸ ਹਨ।