Yasin Malik Convicted: ਅੱਤਵਾਦੀ ਫੰਡਿੰਗ ਮਾਮਲੇ 'ਚ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। NIA ਦੀ ਵਿਸ਼ੇਸ਼ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ। ਹੁਣ 25 ਮਈ ਨੂੰ ਯਾਸੀਨ ਮਲਿਕ ਦੀ ਸਜ਼ਾ 'ਤੇ ਬਹਿਸ ਹੋਵੇਗੀ। ਦੂਜੇ ਪਾਸੇ, ਪਾਕਿਸਤਾਨ ਨੇ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਖਿਲਾਫ "ਮਨਘੜਤ ਇਲਜ਼ਾਮਾਂ" ਦੀ ਸਖ਼ਤ ਨਿੰਦਾ ਕਰਦੇ ਹੋਏ, ਇੱਥੇ ਵਿਦੇਸ਼ ਮੰਤਰਾਲੇ ਦੇ ਭਾਰਤੀ ਦੂਤਘਰ ਦੇ ਇੰਚਾਰਜ ਨੂੰ ਤਲਬ ਕੀਤਾ ਹੈ ਤੇ ਉਨ੍ਹਾਂ ਨੂੰ ਇੱਕ ਦਸਤਾਵੇਜ਼ ਸੌਂਪਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਦੇਰ ਰਾਤ ਇੱਕ ਬਿਆਨ ਵਿੱਚ ਕਿਹਾ ਕਿ ਕਸ਼ਮੀਰੀ ਹੁਰੀਅਤ ਆਗੂ ਮਲਿਕ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਕੈਦ ਹੈ।
ਬਿਆਨ ਵਿੱਚ ਕਿਹਾ ਗਿਆ ਹੈ, "ਭਾਰਤੀ ਦੂਤਘਰ ਨੂੰ ਪਾਕਿਸਤਾਨ ਦੀ ਗੰਭੀਰ ਚਿੰਤਾ ਤੋਂ ਜਾਣੂ ਕਰਵਾਇਆ ਗਿਆ ਕਿ ਭਾਰਤ ਸਰਕਾਰ ਨੇ ਕਸ਼ਮੀਰੀ ਲੀਡਰਸ਼ਿਪ ਦੀ ਆਵਾਜ਼ ਨੂੰ ਦਬਾਉਣ ਲਈ ਉਸ (ਮਲਿਕ) ਨੂੰ ਝੂਠੇ ਕੇਸਾਂ ਵਿੱਚ ਫਸਾਇਆ ਹੈ।" ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਪੱਖ ਨੂੰ ਮਲਿਕ ਦੀ ਤਿਹਾੜ ਜੇਲ੍ਹ ਵਿੱਚ 2019 ਤੋਂ "ਅਮਾਨਵੀ ਸਥਿਤੀਆਂ" ਵਿੱਚ ਨਜ਼ਰਬੰਦੀ 'ਤੇ ਪਾਕਿਸਤਾਨ ਦੀ ਚਿੰਤਾ ਵੀ ਦੱਸੀ ਗਈ ਸੀ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਲਿਕ ਨੂੰ ਸਾਰੇ ‘ਬੇਬੁਨਿਆਦ’ ਦੋਸ਼ਾਂ ਤੋਂ ਬਰੀ ਕੀਤਾ ਜਾਵੇ ਤੇ ਉਸ ਦੀ ਜੇਲ੍ਹ ਤੋਂ ਤੁਰੰਤ ਰਿਹਾਈ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਮਿਲ ਸਕੇ ਤੇ ਆਪਣੀ ਸਿਹਤ ਵਿੱਚ ਸੁਧਾਰ ਕਰਕੇ ਆਮ ਜ਼ਿੰਦਗੀ ਜੀਅ ਸਕੇ।
ਦੱਸ ਦਈਏ ਕਿ ਮਲਿਕ ਨੇ ਹਾਲ ਹੀ ਵਿੱਚ ਦਿੱਲੀ ਦੀ ਇੱਕ ਅਦਾਲਤ ਦੇ ਸਾਹਮਣੇ ਕਥਿਤ ਅੱਤਵਾਦ ਤੇ ਵੱਖਵਾਦੀ ਗਤੀਵਿਧੀਆਂ ਨਾਲ ਸਬੰਧਤ ਇੱਕ ਮਾਮਲੇ ਵਿੱਚ 2017 ਵਿੱਚ ਕਸ਼ਮੀਰ ਘਾਟੀ ਵਿੱਚ ਅਸ਼ਾਂਤੀ ਪੈਦਾ ਕਰਨ ਵਾਲੇ, ਸਖ਼ਤ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂਏਪੀਏ) ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਦੋਸ਼ ਸਵੀਕਾਰ ਕੀਤੇ ਸਨ।