Haryana Road Accident: ਹਰਿਆਣਾ ਦੇ ਝੱਜਰ ਤੋਂ ਇੱਕ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਟਰੱਕ ਨੇ ਸੜਕ ਕਿਨਾਰੇ ਸੁੱਤੇ ਪਏ ਮਜ਼ਦੂਰਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਕੇ ਉੱਪਰ ਹੀ ਮੌਤ ਹੋ ਗਈ, ਜਦਕਿ 11 ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਝੱਜਰ ਜ਼ਿਲ੍ਹੇ ਦੇ ਇੱਕ ਟੋਲ ਪਲਾਜ਼ਾ ਦੇ ਸਾਹਮਣੇ ਵਾਪਰਿਆ।
ਹਾਸਲ ਜਾਣਕਾਰੀ ਮੁਤਾਬਕ ਟਰੱਕ ਡਰਾਈਵਰ ਨੇ ਅਚਾਨਕ ਕੰਟਰੋਲ ਗੁਆ ਦਿੱਤਾ, ਜਿਸ ਤੋਂ ਬਾਅਦ ਉਹ ਸੜਕ ਤੋਂ ਫੁੱਟਪਾਥ 'ਤੇ ਜਾ ਚੜ੍ਹਿਆ। ਇਸ ਫੁੱਟਪਾਥ 'ਤੇ ਕਈ ਮਜ਼ਦੂਰ ਸੁੱਤੇ ਹੋਏ ਸਨ, ਜਿਨ੍ਹਾਂ ਨੂੰ ਟਰੱਕ ਨੇ ਲਪੇਟ ਵਿੱਚ ਲੈ ਲਿਆ। ਟਰੱਕ ਇਨ੍ਹਾਂ ਮਜ਼ਦੂਰਾਂ ਨੂੰ ਕੁਚਲਦਾ ਹੋਇਆ ਅੱਗੇ ਵਧ ਗਿਆ ਤੇ ਫਿਰ ਪਲਟ ਗਿਆ। ਜ਼ਖਮੀ ਹੋਏ 11 ਲੋਕਾਂ 'ਚੋਂ ਕੁਝ ਦੀ ਹੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦਰਦਨਾਕ ਹਾਦਸਾ KMP ਯਾਨੀ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਵਾਪਰਿਆ। ਮਿਲੀ ਜਾਣਕਾਰੀ ਮੁਤਾਬਕ 10 ਜ਼ਖਮੀਆਂ ਨੂੰ ਪੀਜੀਆਈ ਰੋਹਤਕ ਭੇਜਿਆ ਗਿਆ ਹੈ, ਜਦਕਿ ਇਕ ਜ਼ਖਮੀ ਮਜ਼ਦੂਰ ਨੂੰ ਬਹਾਦਰਗੜ੍ਹ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ ਸਾਰੇ ਮ੍ਰਿਤਕ ਤੇ ਜ਼ਖਮੀ ਮਜ਼ਦੂਰ ਇਸ ਐਕਸਪ੍ਰੈਸ ਵੇਅ 'ਤੇ ਮੁਰੰਮਤ ਦਾ ਕੰਮ ਕਰਦੇ ਸਨ। ਕੰਮ ਤੋਂ ਬਾਅਦ, ਸਾਰੇ ਥੱਕ ਗਏ ਸਨ ਤੇ ਸੜਕ ਦੇ ਕਿਨਾਰੇ ਸੌਂ ਗਏ ਸਨ। ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।