ਰਵਨੀਤ ਕੌਰ ਦੀ ਰਿਪੋਰਟ


ਚੰਡੀਗੜ੍ਹ : ਕਿਸਾਨਾਂ ਤੇ ਬੇਰੁਜ਼ਗਾਰ ਅਧਿਆਪਕਾਂ ਦੇ ਅੰਦੋਲਨ ਮਗਰੋਂ ਹੁਣ ਭਗਵੰਤ ਮਾਨ ਸਰਕਾਰ ਸਾਹਮਣੇ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਰਕਰਾਂ ਨੇ ਚੱਕਾ ਜਾਮ ਕਰ ਦਿੱਤਾ ਹੈ। ਠੇਕਾ ਮੁਲਾਜ਼ਮਾਂ ਨੇ ਸਰਕਾਰੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਨਹੀਂ ਤਾਂ ਤਿੱਖਾ ਅੰਦੋਲਨ ਵਿੱਢਿਆ ਜਾਵੇਗਾ। ਇਸ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕੰਟਰੈਕਟ ਡਰਾਈਵਰਾਂ ਤੇ ਆਪਰੇਟਰਾਂ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਅਣਮਿੱਥੇ ਸਮੇਂ ਲਈ ਚੱਕਾ ਜਾਮ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਦੋ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਪਨਬਸ ਦੇ ਨਾਲ-ਨਾਲ ਪੀਆਰਟੀਸੀ ਦੀਆਂ ਬੱਸਾਂ ਵੀ ਚੱਲਣਗੀਆਂ।


ਜਾਣਕਾਰੀ ਮੁਤਾਬਕ ਪੀਆਰਟੀਸੀ ਤੇ ਰੋਡਵੇਜ਼ ਦੀਆਂ ਬੱਸਾਂ ਮੁਲਾਜ਼ਮਾਂ ਨੇ 18 ਡਿਪੋ 'ਤੇ 500 ਬੱਸਾਂ ਖੜੀਆਂ ਕੀਤੀਆਂ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਹੜਤਾਲ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ, ਜੋ ਪੈਸੇ ਕਮਾ ਕੇ ਸਰਕਾਰੀ ਖ਼ਜ਼ਾਨਾ ਭਰ ਰਹੇ ਹਨ, ਨੂੰ ਲੰਮੇ ਸਮੇਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ, ਜੋ ਨਾ ਤਾਂ ਆਮ ਜਨਤਾ ਦੇ ਹਿੱਤ ਵਿੱਚ ਹਨ ਤੇ ਨਾ ਹੀ ਟਰਾਂਸਪੋਰਟ ਵਿਭਾਗ ਦੇ ਹਿੱਤ ਵਿੱਚ ਹਨ।

ਉਨ੍ਹਾਂ ਕਿਹਾ ਕਿ ਅਧਿਕਾਰੀ ਦਬਾਅ ਪਾ ਰਹੇ ਹਨ ਕਿ ਬੱਸ ਦੀ ਸਵਾਰੀ ਪੂਰੀ ਹੋਣ ਤੋਂ ਬਾਅਦ ਰਸਤੇ ਵਿੱਚ ਕਿਤੇ ਵੀ ਸਵਾਰੀ ਨਾ ਚੁੱਕੀ ਜਾਵੇ। ਲੰਬੇ ਰੂਟ ਦੀਆਂ ਬੱਸਾਂ ਨੂੰ ਰਸਤੇ ਵਿੱਚ ਕਿਤੇ ਵੀ ਨਾ ਰੋਕਿਆ ਜਾਵੇ ਪਰ ਜੇਕਰ ਬੱਸਾਂ ਨੂੰ ਰਸਤੇ ਵਿੱਚ ਸਵਾਰੀ ਲੈਣ ਲਈ ਨਾ ਰੋਕਿਆ ਗਿਆ ਤਾਂ ਲੋਕ ਸਫ਼ਰ ਕਿਵੇਂ ਕਰਨਗੇ। ਫਿਰ ਬੱਸ ਅੱਡੇ ਕਿਉਂ ਬਣਾਏ ਗਏ ਹਨ? ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰਾਂ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਭਰੋਸੇ ਤਾਂ ਦੇ ਰਹੀਆਂ ਹਨ ਪਰ ਅਜੇ ਤੱਕ ਕਿਸੇ ਨੂੰ ਵੀ ਰੈਗੂਲਰ ਨਹੀਂ ਕੀਤਾ ਗਿਆ।