ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਕਰਨ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਉੱਤਰਾਖੰਡ ਦੇ ਦੌਰੇ 'ਤੇ ਗਏ ਹਨ। ਇਸ ਦੌਰਾਨ ਉਹ ਵਿਸ਼ਵ ਪ੍ਰਸਿੱਧ ਹਿਮਾਲੀ ਧਾਮ ਕੇਦਾਰਨਾਥ ਤੇ ਬਦਰੀਨਾਥ ਦੇ ਦਰਸ਼ਨ ਕਰਨਗੇ। ਆਪਣੇ ਦੋ ਰੋਜ਼ਾ ਦੌਰੇ ਵਿੱਚ ਪੀਐਮ ਅੱਜ ਕੇਦਾਰਨਾਥ ਤੇ ਕੱਲ੍ਹ ਚੋਣਾਂ ਵਾਲੇ ਦਿਨ ਬਦਰੀਨਾਥ ਹੋਣਗੇ। ਅੱਜ ਸਵੇਰੇ ਸਾਢੇ ਸੱਤ ਵਜੇ ਪੀਐਮ ਦਿੱਲੀ ਤੋਂ ਜੋਲੀਗ੍ਰਾਂਟ ਏਅਰਪੋਰਟ ਦੇਹਰਾਦੂਨ ਲਈ ਰਵਾਨਾ ਹੋਏ।


ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ਪਹੁੰਚੇ ਮੋਦੀ ਇੱਕ ਗੁਫ਼ਾ ਅੰਦਰ ਧਿਆਨ ਵੀ ਲਾਉਣਗੇ ਤੇ ਮੀਡੀਆ ਨਾਲ ਵੀ ਗੱਲਬਾਤ ਕਰਨਗੇ। ਉੱਧਰ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਵੀ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਰ ਦੇ ਦਰਸ਼ਨ ਕਰਨਗੇ। ਪੀਐਮ ਮੋਦੀ ਤੇ ਸ਼ਾਹ ਤੋਂ ਇਲਾਵਾ ਹੋਰਾਂ ਪਾਰਟੀਆਂ ਦੇ ਲੀਡਰ ਵੀ ਮੰਦਰ ਜਾ ਸਕਦੇ ਹਨ।

ਸੂਤਰਾਂ ਮੁਤਾਬਕ ਚੋਣ ਕਮਿਸ਼ਨ ਨੇ ਪੀਐਮ ਮੋਦੀ ਨੂੰ ਸ਼ਨੀਵਾਰ ਤੇ ਐਤਵਾਰ ਨੂੰ ਉੱਤਰਾਖੰਡ ਸਥਿਤ ਕੇਦਾਰਨਾਥ ਕੇ ਬਦਰੀਨਾਥ ਧਾਮਾਂ ਦੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਹ ਅਧਿਕਾਰਿਕ ਯਾਤਰਾ ਹੈ। ਇਸ ਲਈ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਯਾਦ ਦਵਾਇਆ ਹੈ ਕਿ ਲੋਕ ਸਭਾ ਚੋਣਾਂ ਦੇ ਐਲਾਨ ਨਾਲ 10 ਮਾਰਚ ਤੋਂ ਲਾਗੂ ਹੋਇਆ ਚੋਣ ਜ਼ਾਬਤਾ ਹਾਲੇ ਵੀ ਪ੍ਰਭਾਵੀ ਹੈ।