ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਨ 1947 ਵਿੱਚ ਜੋ ਹੋਇਆ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੇ ਫ਼ੌਜਾਂ ਵਿੱਚ ਮੁੱਦੇ ਬਣੇ ਰਹਿਣਗੇ ਅਤੇ ਸਿਰਫ਼ ਸਮਾਂ ਹੀ ਸਾਨੂੰ ਇਸ ਵਿੱਚੋਂ ਬਾਹਰ ਨਿੱਕਲਣ ਦਾ ਮਾਰਗ ਦਿਖਾਏਗਾ। ਉਨ੍ਹਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਬਰਲਿਨ ਦੀ ਕੰਧ ਡਿੱਗੇਗੀ। ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਸਦਕਾ ਇਹ ਕਰਤਾਰਪੁਰ ਗਲਿਆਰਾ ਸਿਰਫ਼ ਇੱਕ ਗਲਿਆਰਾ ਨਹੀਂ ਰਹਿ ਜਾਵੇਗਾ ਬਲਕਿ, ਦੋਵਾਂ ਦੇਸ਼ਾਂ ਦਰਮਿਆਨ ਇੱਕ ਪੁਲ ਦਾ ਕੰਮ ਕਰੇਗਾ।
ਮੋਦੀ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸਰਕਾਰੀ ਰਿਹਾਇਸ਼ ’ਤੇ ਬਾਦਲ ਪਰਿਵਾਰ ਵੱਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਬੋਲ ਰਹੇ ਸਨ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਗੁਰਸ਼ਰਨ ਕੌਰ ਸਮੇਤ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰਬਾਣੀ ਦੇਸ਼ ਦੀਆਂ ਮਹਾਨ ਸੰਸਕ੍ਰਿਤਕ ਪ੍ਰੰਪਰਾਵਾਂ ਦਾ ਸਰਲ ਤੇ ਬਹੁਤ ਚੰਗੇ ਤਰੀਕੇ ਨਾਲ ਨਿਚੋੜ ਪੇਸ਼ ਕਰਦੀ ਹੈ ਤੇ ਇਕ-ਇੱਕ ਸ਼ਬਦ ਪ੍ਰੇਰਣਾਮਈ ਦਿੰਦਾ ਹੈ। ਗੁਰਬਾਣੀ ਦੇਸ਼ ਦੀ ਭਾਈਚਾਰਕ ਅਖੰਡਤਾ ਦਾ ਸਮਰੱਥਵਾਨ ਸੰਦੇਸ਼ ਹੈ।
ਸਬੰਧਤ ਖ਼ਬਰ- ਭਾਰਤ ਅੰਦਰ ਹੀ ਭੁੱਲੇ-ਵਿਸਰੇ ਕਈ ਗੁਰਦੁਆਰੇ, ਸਰਕਾਰਾਂ ਤੇ ਸ਼੍ਰੋਮਣੀ ਕਮੇਟੀ ਨੂੰ ਸਾਰ ਲੈਣ ਦੀ ਲੋੜ..!
ਕਰਤਾਰਪੁਰ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਤਕਰੀਬਨ 18 ਸਾਲ ਬਿਤਾਏ ਅਤੇ 1539 ਈਸਵੀ ਵਿੱਚ ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਇੱਥੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਗਿਆ। 1947 ਵਿੱਚ ਦੇਸ਼ ਵੰਡ ਦੌਰਾਨ ਇਹ ਪਵਿੱਤਰ ਅਸਥਾਨ ਪਾਕਿਸਤਾਨ ਵਿੱਚ ਚਲਿਆ ਗਿਆ। ਹੁਣ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਆਖ਼ਰੀ ਕਸਬੇ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤਕ ਵਿਸ਼ੇਸ਼ ਗਲਿਆਰੇ ਦੀ ਉਸਾਰੀ ਕਰਵਾਈ ਜਾਵੇਗੀ, ਜਿਸ ਰਾਹੀਂ ਸ਼ਰਧਾਲੂ ਬਗ਼ੈਰ ਵੀਜ਼ਾ ਤੋਂ ਪਾਕਿਸਤਾਨ ਸਥਿਤ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣਗੇ। ਭਾਰਤ ਗਲਿਆਰੇ ਦੇ ਉਸਾਰੀ ਕਾਰਜ 26 ਨਵੰਬਰ ਤੋਂ ਸ਼ੁਰੂ ਕਰੇਗਾ ਜਦਕਿ ਪਾਕਿਸਤਾਨ 28 ਨਵੰਬਰ ਤੋਂ ਇਸ ਦਾ ਨੀਂਹ ਪੱਥਰ ਰੱਖਣ ਜਾ ਰਿਹਾ ਹੈ। ਦੋਵੇਂ ਦੇਸ਼ ਆਪੋ-ਆਪਣੇ ਪਾਸੇ ਗਲਿਆਰਾ ਉਸਾਰਨਗੇ ਜੋ ਕੌਮਾਂਤਰੀ ਸਰਹੱਦ 'ਤੇ ਮਿਲਾਏ ਜਾਣਗੇ।
ਇਹ ਵੀ ਪੜ੍ਹੋ-