ਨਵੀਂ ਦਿੱਲੀ: ਅਗਲੇ ਛੇ ਮਹੀਨਿਆਂ ‘ਚ ਟੈਲੀਕਾਮ ਸੈਕਟਰ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ, ਕਿਉਂਕਿ ਆਉਂਦੇ ਸਮੇਂ ਦੌਰਾਨ ਗਾਹਕਾਂ ਦੀ ਗਿਣਤੀ ਛੇ ਕਰੋੜ ਘੱਟ ਜਾਵੇਗੀ। ਜੀ ਹਾਂ, ਖ਼ਬਰਾਂ ਹਨ ਕਿ ਅਗਲੇ 6 ਮਹੀਨਿਆਂ ‘ਚ ਮੋਬਾਈਲ ਯੂਜ਼ਰਸ 6 ਕਰੋੜ ਸਿਮ ਕਾਰਡਸ ਨੂੰ ਅਲਵਿਦਾ ਕਰ ਦੇਣਗੇ। ਅਜਿਹਾ ਸਿਰਫ ਇਸ ਲਈ ਹੋ ਰਿਹਾ ਹੈ ਕਿ ਹੁਣ ਗਾਹਕਾਂ ਨੂੰ ਵੱਖ-ਵੱਖ ਕੰਪਨੀਆਂ ਇੱਕੋ ਜਿਹੇ ਪਲਾਨ ‘ਚ ਇੱਕੋ ਜਿਹੇ ਹੀ ਆਫਰ ਦੇ ਰਹੀਆਂ ਹਨ ਅਤੇ ਗਾਹਕ ਵੀ ਹੁਣ ਵੱਖ-ਵੱਖ ਸਿਮ ਕਾਰਡ ਦੇ ਝੰਜਟ ਨੂੰ ਖ਼ਤਮ ਕਰ ਦੇਣਾ ਚਾਹੁੰਦੇ ਹਨ।
ਇਕਨੌਮਿਕ ਟਾਈਮਸ ਦੀ ਰਿਪੋਰਟ ਮੁਤਾਬਕ ਆਉਣ ਵਾਲੇ ਛੇ ਮਹੀਨਿਆਂ ‘ਚ ਲਗਪਗ ਛੇ ਕਰੋੜ ਸਿਮ ਕਾਰਡ ਬੰਦ ਹੋ ਜਾਣਗੇ। ਅਖ਼ਬਾਰ ਨੇ ਆਪਣੀ ਰਿਪੋਰਟ ‘ਚ ਸੀਓਏਆਈ ਦੇ ਡਾਇਰੈਕਟਰ ਜਨਰਲ ਮੈਥਿਊ ਦੇ ਹਵਾਲੇ ਤੋਂ ਲਿਖਿਆ ਕਿ ਆਉਣ ਵਾਲੇ ਦਿਨਾਂ ‘ਚ ਮੋਬਾਇਲ ਯੂਜ਼ਰਸ ਦੀ ਗਿਣਤੀ ‘ਚ ਦੋ ਤੋਂ ਤਿੰਨ ਕਰੋੜ ਤਕ ਦੀ ਕਮੀ ਆ ਸਕਦੀ ਹੈ। ਜਦਕਿ ਇੱਕ ਟੈਲੀਕਾਮ ਮਾਹਰ ਨੇ ਦੱਸਿਆ ਕਿ ਸਿਮ ਕਾਰਡ ਯੂਜ਼ਰਸ ‘ਚ ਵੀ ਸਾਢੇ ਚਾਰ ਕਰੋੜ ਤੋਂ ਛੇ ਕਰੋੜ ਤਕ ਦੀ ਕਮੀ ਆਵੇਗੀ।
ਰਿਪੋਰਟ ਮੁਤਾਬਕ ਅਗਸਤ 2018 ਦੇ ਆਖਿਰ ‘ਚ ਦੇਸ਼ ‘ਚ 1.2 ਅਰਬ ਮੋਬਾਇਲ ਫੋਨ ਯੂਜ਼ਰਸ ਸੀ ਅਤੇ ਦੇਸ਼ ‘ਚ ਸਿੰਗਲ ਸਿਮ ਕਾਰਡ ਯੂਜ਼ਰਸ ਦੀ ਗਿਣਤੀ 7.5 ਕਰੋੜ ਹੈ। ਹੁਣ ਲੋਕ ਮਲਟੀਪਲ ਸਿਮ ਦੀ ਥਾਂ ਸਿੰਗਲ ਸਿਮ ਨੂੰ ਸਮਰਥਨ ਦੇ ਰਹੇ ਹਨ। ਟੈਲੀਕਾਮ ਕੰਪਨੀਆਂ ਨੇ ਰਿਲਾਇੰਸ ਜੀਓ ਤੋਂ ਨਜਿੱਠਣ ਆਪਣੇ ਪਲਾਨ ‘ਚ ਬਦਲਾਅ ਕੀਤੇ ਹਨ। ਕੰਪਨੀਆਂ ਨੇ ਆਪਣੇ ਪਲਾਨ ‘ਚ ਪਹਿਲਾਂ ਤੋਂ ਸਸਤੇ ਅਤੇ ਜ਼ਿਆਦਾ ਡੇਟਾ ਵਾਲੇ ਪਲਾਨ ਪੇਸ਼ ਕੀਤੇ ਹਨ ਤਾਂ ਜੋ ਉਨ੍ਹਾਂ ਦੇ ਸਬਸਕ੍ਰਾਈਬਰ ਵਧ ਸਕਣ।