ਨਵੀਂ ਦਿੱਲੀ: ਸੰਸਦ ਭਵਨ 'ਚ ਅੱਜ ਬੀਜੇਪੀ ਦੀ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਵਾਰ ਪੱਛਮੀ ਬੰਗਾਲ 'ਚ ਬੀਜੇਪੀ ਦੀ ਜਿੱਤ ਤੈਅ ਹੈ। ਮੋਦੀ ਨੇ ਇਹ ਵੀ ਕਿਹਾ ਕਿ ਬੰਗਾਲ ਸਮੇਤ ਪੰਜ ਸੂਬਿਆਂ 'ਚ ਜਿਹੜੇ ਲੋਕਾਂ ਦੀ ਡਿਊਟੀ ਲੱਗੀ ਹੈ, ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ। ਬੰਗਾਲ ਤੋਂ ਇਲਾਵਾ ਅਸਮ, ਕੇਰਲ, ਤਾਮਿਲਨਾਡੂ ਤੇ ਪੁੱਡੂਚੇਰੀ 'ਚ ਵਿਧਾਨ ਸਭਾ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਗਿਆ ਹੈ।
ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰਨ ਸੰਸਦ ਮੈਂਬਰ: ਪੀਐਮ ਮੋਦੀ
ਸੰਸਦੀ ਦਲ ਦੀ ਬੈਠਕ ਤੋਂ ਬਾਅਦ ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਦੱਸਿਆ ਕਿ ਬੈਠਕ 'ਚ ਪੀਐਮ ਨੇ ਸਾਰੇ ਸੰਸਦਾਂ ਨੂੰ ਵੈਕਸੀਨੇਸ਼ਨ ਪ੍ਰੋਗਰਾਮ 'ਚ ਲੋਕਾਂ ਨਾਲ ਜੁੜਨ ਤੇ ਵੈਕਸੀਨੇਸ਼ਨ ਲਈ ਵਿਵਸਥਾ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸਾਰੇ ਸੰਸਦ ਮੈਂਬਰਾਂ ਨੂੰ ਹੁਕਮ ਦਿੱਤੇ ਗਏ ਕਿ ਉਹ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰਨ। ਸੰਸਦ 'ਚ ਗੈਰਹਾਜ਼ਰ ਰਹਿਣ ਨੂੰ ਲੈਕੇ ਵੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਸੰਸਦ ਮੈਂਬਰਾਂ ਨੂੰ ਸਦਨ ਦੇ ਅੰਦਰ ਹਾਜ਼ਰ ਰਹਿਣਾ ਚਾਹੀਦਾ ਹੈ। ਵਾਰ-ਵਾਰ ਕਹਿਣਾ ਚੰਗਾ ਨਹੀਂ ਲੱਗਦਾ।
ਚੋਣਾਂ 'ਚ ਆਪਣੀ ਜ਼ਿੰਮਵਾਰੀ ਨਿਭਾਉਣ ਸਾਰੇ ਲੀਡਰ- ਨੱਡਾ
ਬੈਠਕ 'ਚ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਹੁਣ ਪੰਜ ਸੂਬਿਆਂ 'ਚ ਚੋਣਾਂ ਹੋਣੀਆਂ ਹਨ।। ਇਸ ਲਈ ਸਾਰੇ ਲੀਡਰਾਂ ਨੂੰ ਚੋਣਾਂ 'ਚ ਜੁੱਟ ਜਾਣਾ ਚਾਹੀਦਾ ਹੈ। ਜਿਸ ਨੂੰ ਜੋ ਜ਼ਿੰਮੇਵਾਰੀ ਦਿੱਤੀ ਜਾਵੇਗੀ ਉਹ ਉਸ ਨੂੰ ਸਹੀ ਢੰਗ ਨਾਲ ਨਿਭਾਵੇ। ਨੱਢਾ ਨੇ ਪੀਐਮ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਪਿਛਲੇ ਇਕ ਸਾਲ 'ਚ ਪੀਐਮ ਮੋਦੀ ਨੇ ਬਹੁਤ ਕੰਮ ਕੀਤਾ ਹੈ।