ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਤਮ ਨਿਰਭਰ ਭਾਰਤ ਤੇ ਵੋਕਲ ਫਾਰ ਲੋਕਲ ਅਭਿਆਨ ਦੇ ਤਹਿਤ ਦੇਸ਼ ਦੇ ਖਿਡੌਣਾ ਉਦਯੋਗ ਨੂੰ ਨਵੀਂ ਰਫਤਾਰ ਦੇਣ ਦੀ ਕਵਾਇਦ ਹੋ ਰਹੀ ਹੈ। ਇਸ ਦੇ ਤਹਿਤ ਪੀਐਮ ਮੋਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਖਿਡੌਣਾ ਮੇਲਾ 2021 ਦਾ ਉਦਘਾਟਨ ਕਰ ਰਹੇ ਹਨ। ਇਹ ਮੇਲਾ ਅੱਜ ਤੋਂ ਸ਼ੁਰੂ ਹੋਕੇ 2 ਮਾਰਚ ਤਕ ਚੱਲੇਗਾ।
ਇਸ ਮੇਲੇ ਜ਼ਰੀਏ ਗਾਹਕ ਖਿਡੌਣਾ ਨਿਰਮਾਤਾ ਤੇ ਡਿਜ਼ਾਇਨਰਾਂ ਨੂੰ ਇਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ 'ਚ ਦੇਸ਼ਭਰ ਦੇ 1000 ਤੋਂ ਜ਼ਿਆਦਾ ਖਿਡੌਣਾ ਨਿਰਮਾਤਾਵਾਂ ਦੇ ਖਿਢੌਣਿਆਂ ਨੂੰ ਦੇਖਣ ਤੇ ਖਰੀਦਣ ਦਾ ਮੌਕਾ ਮਿਲੇਗਾ।
ਨਕਲੀ ਚੀਨੀ ਖਿਡੌਣਿਆਂ 'ਤੇ ਸੰਸਦੀ ਕਮੇਟੀ ਨੇ ਜਤਾਈ ਸੀ ਚਿੰਤਾ
ਇਸ ਵਰਚੂਅਲ ਪ੍ਰਦਰਸ਼ਨੀ 'ਚ ਭਾਰਤੀ ਖਿਡੌਣਿਆਂ ਦੇ ਨਾਲ-ਨਾਲ ਇਲੈਕਟ੍ਰੌਨਿਕ ਖਿਡੌਣਿਆਂ ਸਮੇਤ ਹਰ ਤਰ੍ਹਾਂ ਦੇ ਖਿਡੌਣੇ ਦਿਖਾਏ ਜਾਣਗੇ। ਕਰੀਬ ਇਕ ਸਾਲ ਪਹਿਲਾਂ ਖਰਾਬ ਗੁਣਵੱਤਾ ਵਾਲੇ ਖਿਡੌਣੇ, ਆਯਾਤ ਕੀਤੇ ਜਾ ਰਹੇ ਸਸਤੇ ਖਿਡੌਣਿਆਂ ਨਾਲ ਭਾਰਤੀ ਖਿਡੌਣਾ ਉਦਯੋਗ 'ਤੇ ਬੁਰਾ ਅਸਰ ਪੈਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।। ਨਕਲੀ ਚੀਨੀ ਖਿਡੌਣਿਆਂ 'ਤੇ ਸੰਸਦੀ ਕਮੇਟੀ ਵੀ ਚਿੰਤਾ ਜਤਾ ਚੁੱਕੀ ਹੈ।
ਭਾਰਤੀ ਖਿਡੌਣਾ ਬਜ਼ਾਰ 'ਚ ਚੀਨ ਦਾ ਦਬਦਬਾ
ਭਾਰਤ 'ਚ ਖਿਡੌਣਿਆਂ ਦਾ ਬਜ਼ਾਰ 12,769 ਕਰੋੜ ਰੁਪਏ ਦਾ ਹੈ। ਦੁਨੀਆ ਦੇ ਖਿਡੌਣਾ ਬਜ਼ਾਰ ਚ ਭਾਰਤੀ ਖਿਢੌਣਿਆਂ ਦੀ ਹਿੱਸੇਦਾਰੀ 2 ਫੀਸਦ ਤੋਂ ਵੀ ਘੱਟ ਹੈ ਤੇ ਭਾਰਤ ਦੇ ਕਰੀਬੀ 90 ਫੀਸਦ ਖਿਡੌਣਾ ਬਜ਼ਾਰਾਂ 'ਤੇ ਚੀਨ ਦਾ ਕਬਜ਼ਾ ਹੈ। ਪੀਐਮ ਮੋਦੀ ਨੇ 30 ਅਗਸਤ, 2020 ਨੂੰ ਪ੍ਰਸਾਰਤ 'ਮਨ ਕੀ ਬਾਤ' ਪ੍ਰੋਗਰਾਮ 'ਚ ਵੀ ਭਾਰਤੀ ਖਿਡੌਣਿਆਂ ਨੂੰ ਬੜਾਵਾ ਦੇਣ ਦੀ ਗੱਲ ਕਹੀ ਸੀ। ਅੱਜ ਉਸੇ ਦਿਸ਼ਾ 'ਚ ਅਹਿਮ ਕਦਮ ਵਧਾਇਆ ਜਾ ਰਿਹਾ ਹੈ।