ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਹ ਲਗਾਤਾਰ ਛੇਵੀਂ ਵਾਰ ਆਜ਼ਾਦੀ ਦਿਹਾੜੇ ‘ਤੇ ਭਾਸ਼ਣ ਦੇਣਗੇ। ਦੂਜੀ ਵਾਰ ਸੱਤਾ ‘ਚ ਆਉਣ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਭਾਸ਼ਣ ਹੋਵੇਗਾ। ਇਸ ਦੇ ਨਾਲ ਹੀ ਉਹ ਅਜਿਹਾ ਕਰ ਮਰਹੂਮ ਭਾਜਪਾ ਨੇਤਾ ਅੱਟਲ ਬਿਹਾਰੀ ਵਾਜਪਾਈ ਦੀ ਬਰਾਬਰੀ ਕਰ ਲੈਣਗੇ। ਵਾਜਪਾਈ ਬੀਜੇਪੀ ਦੇ ਪਹਿਲੇ ਅਜਿਹੇ ਨੇਤਾ ਸੀ ਜਿਨ੍ਹਾਂ ਨੇ 1998 ਤੋਂ 2003 ‘ਚ ਲਗਾਤਾਰ ਛੇ ਵਾਰ ਲਾਲ ਕਿਲ੍ਹੇ ‘ਤੇ ਆਜ਼ਾਦੀ ਦਿਹਾੜੇ ਦਾ ਭਾਸ਼ਣ ਦਿੱਤਾ।


ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜੰਮੂ-ਕਸ਼ਮੀਰ ‘ਤੇ ਕੀਤੇ ਗਏ ਇਤਿਹਾਸਕ ਫੈਸਲਿਆਂ ਤੋਂ ਲੈ ਕੇ ਅਰਥਵਿਵਸਥਾ ਦੀ ਸਥਿਤੀ ਤਕ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ। ਪੀਐਮ ਮੋਦੀ 15 ਅਗਸਤ ਮੌਕੇ ਕਈ ਐਲਾਨ ਪਹਿਲਾਂ ਵੀ ਕਰ ਚੁੱਕੇ ਹਨ। ਇਸ ਮੌਕੇ ਉਹ ਆਪਣੀ ਨੁਮਾਇੰਦਗੀ ‘ਚ ਹੋ ਰਹੇ ਵਿਕਾਸ ਦਾ ਬਿਓਰਾ ਜਨਤਾ ਅੱਗੇ ਕਰਦੇ ਹਨ।

ਪਾਰਟੀ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਆਪਣੇ ਭਾਸ਼ਣ ‘ਚ ਧਾਰਾ 370 ਬਾਰੇ ਗੱਲ ਕਰਨਾ ਉਨ੍ਹਾਂ ਦੇ ਭਾਸ਼ਣ ‘ਚ ਪਹਿਲਾਂ ਹੀ ਤੈਅ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮੌਕੇ ਉਹ ਸੁਧਾਰ ਜਾਂ ਸਮਾਨ ਦੇ ਵੱਖ-ਵੱਖ ਵਰਗਾਂ ਨੂੰ ਰਿਆਇਤ ਦੇਣ ਦਾ ਐਲਾਨ ਕਰ ਸਕਦੇ ਹਨ।

ਅਜਿਹਾ ਵੀ ਵਿਚਾਰ ਹੈ ਕਿ ਪੀਐਮ ਮੋਦੀ ਆਰਥਿਕ ਮੰਦੀ ਨੂੰ ਲੈ ਕੇ ਜਤਾਈ ਜਾ ਰਹੀ ਚਿੰਤਾ ‘ਤੇ ਵੀ ਬੋਲਣਗੇ। ਕੁਝ ਬੀਜੇਪੀ ਨੇਤਾਵਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣਾਂ ‘ਚ ਅਕਸਰ ਹੀ ਹੈਰਾਨ ਕਰਨ ਵਾਲੇ ਐਲਾਨ ਹੁੰਦੇ ਹਨ ਅਤੇ ਇਹ ਆਜ਼ਾਦੀ ਦਿਹਾੜਾ ਵੀ ਇਸ ਤੋਂ ਵੱਖ ਨਹੀਂ ਹੋਵੇਗਾ।