ਨਵੀਂ ਦਿੱਲੀ: ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਨੈੱਟਵਰਥ ‘ਚ ਮੰਗਲਵਾਰ ਨੂੰ 4.45 ਅਰਬ ਡਾਲਰ ਯਾਨੀ ਕਰੀਬ 31595 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਦੁਨੀਆ ਦੇ 500 ਅਮੀਰਾਂ ਦੀ ਨੈੱਟਵਰਥ ਹਰ ਰੋਜ਼ ਅਪਡੇਟ ਕਰਨ ਵਾਲੀ ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ 49.9 ਅਰਬ ਡਾਲਰ ਹੋ ਗਈ ਹੈ।
ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ‘ਚ ਤੇਜ਼ੀ ਕਰਕੇ ਕੰਪਨੀ ਦੇ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਨੂੰ ਫਾਇਦਾ ਹੋਇਆ। ਰਿਲਾਇੰਸ ਦਾ ਸ਼ੇਅਰ ਮੰਗਲਵਾਰ ਨੂੰ ਬੀਐਸਈ ‘ਤੇ 10% ਵਾਧੇ ਦੇ ਨਾਲ 1275 ਰੁਪਏ ‘ਤੇ ਬੰਦ ਹੋਇਆ। ਰਿਲਾਇੰਸ ਦੀ ਏਜੀਐਮ ‘ਚ ਸੋਮਵਾਰ ਨੂੰ ਮੁਕੇਸ਼ ਅੰਬਾਨੀ ਨੇ ਕੰਪਨੀ ਨਾਲ ਜੁੜੇ ਕਈ ਵੱਡੇ ਐਲਾਨ ਕੀਤੇ ਸੀ। ਇਸ ਲਈ ਮੰਗਲਵਾਰ ਨੂੰ ਸ਼ੇਅਰ ਚੜ੍ਹੇ।
ਮੁਕੇਸ਼ ਅੰਬਾਨੀ ਬਲੂਮਬਰਗ ਬਿਲੇਨੀਅਰ ਇੰਡੈਕਸ ‘ਚ ਸੋਮਵਾਰ ਤਕ 18ਵੇਂ ਨੰਬਰ ‘ਤੇ ਸੀ। ਹੁਣ ਉਹ 15ਵੇਂ ਸਥਾਨ ‘ਤੇ ਆ ਗਏ ਹਨ। ਟੌਪ 50 ‘ਚ ਅੰਬਾਨੀ ਤੋਂ ਇਲਾਵਾ ਭਾਰਤ ਦੇ ਸਿਰਫ ਅਜੀਮ ਪ੍ਰੇਮਜੀ ਹਨ ਤੇ ਟੌਪ 100 ‘ਚ ਸਿਰਫ ਚਾਰ ਭਾਰਤੀ ਹਨ।