ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਦੇ 11,500 ਕਰੋੜ ਰੁਪਏ ਦਾ ਘੁਟਾਲੇ ਦੇ ਮੁੱਖ ਮੁਲਜ਼ਮ ਡਾਇਮੰਡ ਕਿੰਗ ਨੀਰਵ ਮੋਦੀ 'ਤੇ ਸ਼ਿਕੰਜਾ ਕਸਿਆ ਗਿਆ ਹੈ। ਨੀਰਵ ਮੋਦੀ ਨੂੰ ਦੇਖਦਿਆਂ ਹੀ ਫੜਨ ਦੇ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਨੀਰਵ ਮੋਦੀ ਦੇ ਵਿਦੇਸ਼ ਭੱਜਣ ਤੋਂ ਬਾਅਦ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸੀ.ਬੀ.ਆਈ. ਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ 'ਤੇ ਦੇਸ਼ ਦੇ ਬੈਂਕਿੰਗ ਇਤਿਹਾਸ ਦੀ ਸਭ ਤੋਂ ਵੱਡੇ ਘਪਲੇ 'ਚ ਸ਼ਾਮਲ ਕਾਰੋਬਾਰੀ ਨੀਰਵ ਮੋਦੀ ਸਮੇਤ ਉਸ ਦੇ 5 ਸਹਿਯੋਗੀਆਂ ਵਿਰੁੱਧ ਧੋਖਾਧੜੀ, ਅਪਰਾਧਿਕ ਸਾਜਿਸ਼ ਤੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਕਾਨੂੰਨ ਮੰਤਰੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਘੁਟਾਲੇ ਨੂੰ ਸਿਆਸੀ ਰੰਗਤ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਦੀ ਵੀ ਇਸ ਘਪਲੇ ਵਿੱਚ ਸ਼ਮੂਲੀਅਤ ਪਾਈ ਜਾਂਦੀ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਮੋਦੀ ਸਰਕਾਰ ਨੇ ਬੀਤੇ ਤਿੰਨ ਸਾਲਾਂ ਵਿੱਚ ਅਜਿਹਾ ਇੱਕ ਵੀ ਕਰਜ਼ ਨਹੀਂ ਦਿੱਤਾ ਜੋ ਐਨ.ਪੀ.ਏ. ਵਿੱਚ ਤਬਦੀਲ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਜਿਸ ਘਟਨਾ ਦੀ ਚਰਚਾ ਹੋ ਰਹੀ ਹੈ, ਉਹ 2011 ਵਿੱਚ ਹੋਈ ਸੀ। ਮੰਤਰੀ ਨੇ ਕਿਹਾ ਕਿ ਕੁਝ ਲੋਕਾਂ ਨੇ ਸਿਸਟਮ ਨੂੰ ਬਾਈਪਾਸ ਕੀਤਾ ਹੈ, ਜੇਕਰ ਕਿਸੇ ਨੇ ਉਪਰੋਂ ਉਨ੍ਹਾਂ ਦੀ ਮਦਦ ਕੀਤੀ ਹੈ ਤਾਂ ਉਨ੍ਹਾਂ ਨੂੰ ਵੀ ਛੱਡਿਆ ਨਹੀਂ ਜਾਵੇਗਾ।