Mehul Choksi Arrested:  ਪੰਜਾਬ ਨੈਸ਼ਨਲ ਬੈਂਕ ਲੋਨ ਧੋਖਾਧੜੀ ਮਾਮਲੇ 'ਚ ਦੋਸ਼ੀ ਭਗੌੜਾ ਹੀਰਾ ਵਪਾਰੀ ਮੇਹੁਲ ਚੋਕਸੀ ਨੂੰ ਬੈਲਜੀਅਮ 'ਚ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 65 ਸਾਲਾ ਚੋਕਸੀ ਨੂੰ ਕੇਂਦਰੀ ਜਾਂਚ ਬਿਊਰੋ (CBI) ਦੀ ਅਪੀਲ 'ਤੇ ਸ਼ਨੀਵਾਰ, 12 ਅਪਰੈਲ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਹਾਲੇ ਵੀ ਜੇਲ੍ਹ 'ਚ ਹੈ।

ਇੰਝ ਸਕੈਮ ਕਰਕੇ ਭੱਜਿਆ ਸੀ ਬੈਲਜੀਅਮ 

ਮੇਹੁਲ ਚੋਕਸੀ ਨੇ ਪੰਜਾਬ ਨੈਸ਼ਨਲ ਬੈਂਕ ਨਾਲ 13,850 ਕਰੋੜ ਰੁਪਏ ਦਾ ਲੋਨ ਧੋਖਾਧੜੀ ਕੀਤਾ ਸੀ ਅਤੇ ਗ੍ਰਿਫ਼ਤਾਰੀ ਤੋਂ ਬਚਣ ਲਈ ਭਾਰਤ ਤੋਂ ਭੱਜ ਕੇ ਬੈਲਜੀਅਮ ਪਹੁੰਚ ਗਿਆ ਸੀ। ਉੱਥੇ ਉਹ ਆਪਣੀ ਪਤਨੀ ਪ੍ਰੀਤੀ ਚੋਕਸੀ ਦੇ ਨਾਲ ਐਂਟਵਰਪ ਸ਼ਹਿਰ 'ਚ ਰਹਿ ਰਿਹਾ ਸੀ। ਪ੍ਰੀਤੀ ਚੋਕਸੀ ਕੋਲ ਬੈਲਜੀਅਮ ਦੀ ਨਾਗਰਿਕਤਾ ਹੈ। ਕਈ ਰਿਪੋਰਟਾਂ ਅਨੁਸਾਰ, ਚੋਕਸੀ ਕੋਲ ਬੈਲਜੀਅਮ ਦਾ 'ਐਫ ਰਿਹਾਇਸ਼ ਕਾਰਡ' ਹੈ ਅਤੇ ਉਹ ਇਲਾਜ ਲਈ ਐਂਟੀਗੁਆ ਤੋਂ ਬੈਲਜੀਅਮ ਆਇਆ ਸੀ।

ਬੈਲਜੀਅਮ ਪੁਲਿਸ ਨੇ ਮੇਹੁਲ ਚੋਕਸੀ ਨੂੰ ਗ੍ਰਿਫ਼ਤਾਰ ਕਰਦੇ ਸਮੇਂ ਮੁੰਬਈ ਦੀ ਅਦਾਲਤ ਵੱਲੋਂ ਉਸ ਦੇ ਖਿਲਾਫ ਜਾਰੀ ਕੀਤੇ ਗਏ ਦੋ ਗ੍ਰਿਫ਼ਤਾਰੀ ਵਾਰੰਟਾਂ ਦਾ ਹਵਾਲਾ ਦਿੱਤਾ। ਰਿਪੋਰਟ ਅਨੁਸਾਰ, ਇਹ ਵਾਰੰਟ 23 ਮਈ 2018 ਅਤੇ 15 ਜੂਨ 2021 ਨੂੰ ਜਾਰੀ ਹੋਏ ਸਨ। ਹਾਲਾਂਕਿ, ਇਹ ਕਿਹਾ ਜਾ ਰਿਹਾ ਹੈ ਕਿ ਮੇਹੁਲ ਚੋਕਸੀ ਆਪਣੀ ਖ਼ਰਾਬ ਸਿਹਤ ਅਤੇ ਹੋਰ ਕਾਰਨਾਂ ਦਾ ਹਵਾਲਾ ਦੇ ਕੇ ਜ਼ਮਾਨਤ ਅਤੇ ਤੁਰੰਤ ਰਿਹਾਈ ਦੀ ਮੰਗ ਕਰ ਸਕਦਾ ਹੈ।

ਪੀਐਨਬੀ ਤੋਂ ₹13,850 ਕਰੋੜ ਦੀ ਧੋਖਾਧੜੀ ਦਾ ਦੋਸ਼ੀ ਹੈ ਚੋਕਸੀ

ਪੀਐਨਬੀ (PNB) ਨਾਲ ₹13,850 ਕਰੋੜ ਦੀ ਵੱਡੀ ਧੋਖਾਧੜੀ ਦੇ ਮਾਮਲੇ 'ਚ ਸੀਬੀਆਈ ਅਤੇ ਈ.ਡੀ. ਵੱਲੋਂ ਮੇਹੁਲ ਚੋਕਸੀ ਖ਼ਿਲਾਫ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ ਘਪਲੇ 'ਚ ਚੋਕਸੀ ਦਾ ਭਤੀਜਾ ਨੀਰਵ ਮੋਦੀ ਵੀ ਮੁਲਜ਼ਮ ਹੈ, ਜੋ ਇਸ ਵੇਲੇ ਲੰਡਨ 'ਚ ਲੁਕਿਆ ਹੋਇਆ ਹੈ ਅਤੇ ਉਸ ਦੇ ਹਵਾਲਗੀ ਦੀ ਉਡੀਕ ਕੀਤੀ ਜਾ ਰਹੀ ਹੈ।

ਮੇਹੁਲ ਚੋਕਸੀ ਭਾਰਤ ਤੋਂ ਕਦੋਂ ਭੱਜਿਆ ਸੀ?

ਮੇਹੁਲ ਚੋਕਸੀ ਆਪਣੇ ਭਤੀਜੇ ਨੀਰਵ ਮੋਦੀ ਦੇ ਨਾਲ ਜਨਵਰੀ 2018 ਵਿੱਚ ਭਾਰਤ ਤੋਂ ਭੱਜ ਗਿਆ ਸੀ। ਪੰਜਾਬ ਨੈਸ਼ਨਲ ਬੈਂਕ ਵਿੱਚ ਲੋਨ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਹੀ ਦੋਵਾਂ ਦੇਸ਼ ਛੱਡ ਚੁੱਕੇ ਸਨ। ਇਹ ਭਾਰਤ ਦੇ ਇਤਿਹਾਸ ਦਾ ਦੂਜਾ ਸਭ ਤੋਂ ਵੱਡਾ ਬੈਂਕ ਘੋਟਾਲਾ ਸੀ। ਮਾਮਲਾ ਉਜਾਗਰ ਹੋਣ ਤੋਂ ਪਹਿਲਾਂ ਹੀ ਚੋਕਸੀ ਨੇ ਐਂਟੀਗੁਆ ਦੀ ਨਾਗਰਿਕਤਾ ਲੈ ਲਈ ਸੀ। ਸਾਲ 2021 ਵਿੱਚ ਜਦੋਂ ਉਹ ਕਿਊਬਾ ਜਾ ਰਿਹਾ ਸੀ, ਤਾਂ ਡੋਮੀਨਿਕਾ ਵਿੱਚ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਚੋਕਸੀ ਨੇ ਦਾਅਵਾ ਕੀਤਾ ਕਿ ਉਸ 'ਤੇ ਚੱਲ ਰਹੇ ਮਾਮਲੇ ਰਾਜਨੀਤਕ ਸਾਜਿਸ਼ ਦੇ ਹਿੱਸੇ ਹਨ। ਉਸ ਨੇ ਇਹ ਵੀ ਆਖਿਆ ਸੀ ਕਿ ਈ.ਡੀ. ਨੇ ਭਾਰਤ ਵਿੱਚ ਉਸ ਦੀਆਂ ਜਾਇਦਾਦਾਂ ਨੂੰ ਗੈਰਕਾਨੂੰਨੀ ਢੰਗ ਨਾਲ ਜਬਤ ਕੀਤਾ ਹੈ।