ਨਵੀਂ ਦਿੱਲੀ: ਹਰਿਆਣਾ ਦੇ ਬਹਾਦਰਗੜ੍ਹ ਦੇ ਇਕ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜਨ ਵਾਲੇ ਕਿਸਾਨ ਅੰਦੋਲਨਕਾਰੀ ਪੱਛਮੀ ਬੰਗਾਲ ਦੀ ਨੌਜਵਾਨ ਲੜਕੀ ਨਾਲ ਰੇਪ ਕੇਸ ਦੀ ਜਾਂਚ ਦੌਰਾਨ ਪੁਲਿਸ ਨੇ ਬੁੱਧਵਾਰ ਕਿਸਾਨ ਲੀਡਰ ਜਸਬੀਰ ਕੌਰ ਤੇ ਰਾਜਿੰਦਰ ਸਿੰਘ ਦੀਪਵਾਲਾ ਤੋਂ ਪੁੱਛਗਿਛ ਕੀਤੀ ਗਈ। ਪੁੱਛਗਿਛ ਦੌਰਾਨ ਜਸਬੀਰ ਕੌਰ ਨੇ ਦੱਸਿਆ ਕਿ 'ਮੈਂ 26 ਨੂੰ ਇਲਾਜ ਲਈ ਭਰਤੀ ਕਰਵਾਉਣ ਦੇ ਨਾਲ ਹੀ ਹਸਪਤਾਲ 'ਚ ਲੜਕੀ ਨੂੰ ਸੰਭਾਲਨ ਪਹੁੰਚ ਗਈ ਸੀ ਤੇ 30 ਅਪ੍ਰੈਲ ਤਕ ਲੜਕੀ ਦੇ ਇਲਾਜ 'ਚ ਮਦਦ ਕੀਤੀ।


'ਇਸ ਦਰਮਿਆਨ ਮੈਂ ਲੜਕੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਅਨਿਲ ਮਲਿਕ ਨੇ ਗੱਡੀ 'ਚ ਉਸ ਨਾਲ ਛੇੜਛਾੜ ਕੀਤੀ।' ਪੁਲਿਸ ਨੇ ਜਸਬੀਰ ਕੌਰ ਤੋਂ ਪੁੱਛਿਆ ਕਿ ਕੇਸ 'ਚ ਛੇ ਮੁਲਜ਼ਮਾਂ 'ਚੋਂ ਯੋਗਿਤਾ ਨੇ ਹੋਰ ਕੀ-ਕੀ ਦੱਸਿਆ। ਇਸ 'ਤੇ ਜਸਬੀਰ ਕੌਰ ਨੇ ਕਿਹਾ ਕਿ ਯੋਗਿਤਾ ਨੇ 19 ਜਾਂ 20 ਅਪ੍ਰੈਲ ਨੂੰ ਉਨ੍ਹਾਂ ਨੂੰ ਦੱਸਿਆ ਸੀ ਕਿ ਕਿਸਾਨ ਸੋਸ਼ਲ ਆਰਮੀ ਵਾਲਿਆਂ ਨੇ ਬੰਗਾਲ ਦੀ ਇਕ ਨੌਜਵਾਨ ਲੜਕੀ ਨਾਲ ਟ੍ਰੇਨ 'ਚ ਛੇੜਛਾੜ ਕੀਤੀ ਹੈ। ਰੇਪ ਦੀਆਂ ਗੱਲਾਂ ਤੋਂ ਯੋਗਿਤਾ ਨੇ ਇਨਕਾਰ ਕੀਤਾ। ਲੜਕੀ ਵੱਲੋਂ ਸ਼ਿਕਾਇਤ ਦਿਵਾਉਣ ਦੀ ਗੱਲ 'ਤੇ ਯੋਗਿਤਾ ਨੇ ਕਿਹਾ ਕਿ ਇਹ ਸ਼ਿਕਾਇਤ ਦੇਣ ਨੂੰ ਤਿਆਰ ਨਹੀਂ ਹੈ।


ਲੜਕੀ ਦੀ ਮੌਤ ਤੋਂ ਬਾਅਦ ਉਸ ਦੇ ਨਾਲ ਹੋਈ ਛੇੜਖਾਨੀ ਆਦਿ ਦੀ ਸ਼ਿਕਾਇਤ ਪੁਲਿਸ ਨੂੰ ਕਿਉਂ ਨਹੀਂ ਕੀਤੀ ਇਸ 'ਤੇ ਜਸਬੀਰ ਕੌਰ ਨੇ ਕਿਹਾ ਕਿ ਸ਼ੁਰੂਆਤ 'ਚ ਲੜਕੀ ਨੇ ਛੇੜਛਾੜ ਦੀ ਗੱਲ ਨਹੀਂ ਦੱਸੀ। ਹਸਪਤਾਲ 'ਚ ਇਲਾਜ ਦੌਰਾਨ ਉਸ ਨੇ ਛੇੜਛਾੜ ਦੀ ਗੱਲ ਕਹੀ ਸੀ ਪਰ ਉਸ ਸਮੇਂ ਸਾਡੀ ਪਹਿਲ ਲੜਕੀ ਨੂੰ ਬਚਾਉਣ ਦੀ ਸੀ।


ਕਿਸਾਨ ਲੀਡਰ ਰਜਿੰਦਰ ਸਿੰਘ ਦੀਪਵਾਲਾ ਤੋਂ ਵੀ ਪੁਲਿਸ ਨੇ ਕਈ ਸਵਾਲ ਕੀਤੇ। ਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਈ ਦਿਨ ਬਾਅਦ ਪੰਜਾਬ ਤੋਂ 25 ਅਪ੍ਰੈਲ ਨੂੰ ਇੱਥੇ ਆਏ ਸਨ। ਪਤਾ ਲੱਗਾ ਕਿ ਬੰਗਾਲ ਤੋਂ ਆਈ ਲੜਕੀ ਬਿਮਾਰ ਹੈ। 30 ਨੂੰ ਲੜਕੀ ਦੀ ਮੌਤ ਹੋ ਗਈ ਤੇ ਹਸਪਤਾਲ ਗਏ। ਲੜਕੀ ਦੇ ਪਿਤਾ ਨਾਲ ਗੱਲ ਹੋਈ ਪੋਸਟਮਾਰਟਮ ਲਈ ਉਨ੍ਹਾਂ ਇਨਕਾਰ ਕਰ ਦਿੱਤਾ।


ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਅੰਦੋਲਨ 'ਚ ਆਈ ਸੀ ਤੇ ਉਨ੍ਹਾਂ ਲੋਕਾਂ ਨੇ ਬੇਟੀ ਨਾਲ ਬਦਤਮੀਜ਼ੀ ਕੀਤੀ ਹੈ। ਕਾਰਵਾਈ ਲਈ ਕਹਿਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬੇਟੀ ਚਾਹੁੰਦੀ ਸੀ ਕਿ ਅੰਦੋਲਨ ਦੀ ਛਵੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਪੁਲਿਸ ਨੇ ਜਦੋਂ ਇਕ ਮੁਲਜ਼ਮ ਯੋਗਿਤਾ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ 17 ਅਪ੍ਰੈਲ ਨੂੰ ਰਾਜਿੰਦਰ ਸਿੰਘ ਨੂੰ ਫੋਨ ਕਰਕੇ ਲੜਕੀ ਬਾਰੇ ਦੱਸਿਆ ਸੀ। ਰਾਜਿੰਦਰ ਸਿੰਘ ਨੇ ਕਿਹਾ ਕਿ ਉਸ ਸਮੇਂ ਮੈਂ ਪੰਜਾਬ 'ਚ ਸੀ ਤੇ ਮੈਂ ਯੋਗਿਤਾ ਨੂੰ ਮੈਟਰੋ ਪਿਲਰ 775 ਦੇ ਕੋਲ ਸਾਡੇ ਕੈਂਪ 'ਚ ਮੰਗਾ ਸਿੰਘ ਨੂੰ ਸਾਰੀ ਗੱਲ ਦੱਸਣ ਲਈ ਕਿਹਾ, ਪਰ ਯੋਗਿਤਾ ਉਨ੍ਹਾਂ ਦੇ ਕੈਂਪ 'ਚ ਗਈ ਨਹੀਂ।


ਐਸਆਈਟੀ ਦੇ ਮੈਂਬਰ ਵਿਜੇ ਕੁਮਾਰ ਨੇ ਦੱਸਿਆ ਕਿ ਜਸਬੀਰ ਕੌਰ ਤੇ ਰਾਜਿੰਦਰ ਸਿੰਘ ਦੀਪਵਾਲਾ ਨਾਲ ਹੋਈ ਪੁੱਛਗਿਛ 'ਚ ਮਿਲੇ ਜਵਾਬਾਂ ਤੋਂ ਕੇਸ 'ਚ ਜਾਂਚ 'ਚ ਮਦਦ ਮਿਲਗੀ। ਚਾਰ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।