ਹਥਿਆਰਾਂ ਦੀ ਨੋਕ 'ਤੇ ਪੁਲਿਸ ਨੇ ਹੀ ਕੀਤਾ ਕਾਰੋਬਾਰੀ ਨੂੰ ਅਗ਼ਵਾ, 19 ਲੱਖ ਮੰਗੀ ਫਿਰੌਤੀ
ਏਬੀਪੀ ਸਾਂਝਾ | 22 Nov 2018 04:01 PM (IST)
ਸੰਕੇਤਕ ਤਸਵੀਰ
ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਨਾਲ ਲੱਗਦੇ ਹਰਿਆਣਾ ਦੇ ਬਹਾਦੁਰਗੜ੍ਹ 'ਚ ਬਣੀ ਹੋਈ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੇ ਤਿੰਨ ਮੈਂਬਰਾਂ 'ਤੇ ਵਪਾਰੀ ਨੂੰ ਅਗ਼ਵਾ ਕਰਨ ਤੇ 19 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਇਲਜ਼ਾਮ ਲੱਗਾ ਹੈ। ਤਿੰਨ ਪੁਲਿਸ ਮੁਲਾਜ਼ਮਾਂ ਨੇ ਵਪਾਰੀ ਨੂੰ ਦੱਖਣੀ ਦਿੱਲੀ ਤੋਂ ਕਥਿਤ ਤੌਰ 'ਤੇ ਬੰਦੂਕ ਦੀ ਨੋਕ 'ਤੇ ਅਗ਼ਵਾ ਕੀਤਾ। ਐਸਟੀਐਫ ਦੇ ਮੈਂਬਰ ਸਹਾਇਕ ਸਬ ਇੰਸਪੈਕਟਰ ਸੰਦੀਪ ਤੇ ਲੋਕੇਸ਼ ਤੇ ਕਾਂਸਟੇਬਲ ਪ੍ਰਮੋਦ ਨੂੰ ਮੁੱਢਲੀ ਜਾਂਚ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਹੈ। ਐਸਟੀਐਫ ਮੈਂਬਰ ਤੇ ਭੋਂਡਸੀ ਦੇ ਡੀਆਈਜੀ ਸਤੀਸ਼ ਬਾਲਨ ਨੇ ਦੱਸਿਆ ਕਿ ਸੂਬਾ ਪੁਲਿਸ ਵੱਲੋਂ ਕੀਤੀ ਸ਼ੁਰੂਆਤੀ ਜਾਂਚ ਵਿੱਚ ਅਗ਼ਵਾ ਕਰਨ ਤੇ ਵਿੱਚ ਤਿੰਨਾਂ ਦੀ ਸ਼ਮੂਲੀਅਤ ਪਾਈ ਗਈ ਹੈ। ਉਨ੍ਹਾਂ ਦੱਸਿਆ ਕਿ ਐਸਟੀਐਫ ਦੇ ਉਕਤ ਮੈਂਬਰਾਂ ਨੇ ਬੀਤੀ 31 ਅਕਤੂਬਰ ਨੂੰ ਦਿੱਲੀ ਦੇ ਰਣਜੀਤ ਨਗਰ ਇਲਾਕੇ 'ਚੋਂ ਬੰਦੂਕ ਦੀ ਨੋਕ 'ਤੇ ਵਪਾਰੀ ਨੂੰ ਅਗ਼ਵਾ ਕੀਤਾ ਸੀ। ਇਸ ਤੋਂ ਬਾਅਦ ਤਿੰਨਾਂ ਪੁਲਿਸ ਮੁਲਾਜ਼ਮਾਂ ਨੇ ਰੋਹਿਣੀ ਵਿੱਚ 19 ਲੱਖ ਰੁਪਏ ਦੀ ਫਿਰੌਤੀ ਪ੍ਰਾਪਤ ਕਰ ਕੇ ਉਸ ਨੂੰ ਛੱਡ ਦਿੱਤਾ ਸੀ। ਵਪਾਰੀ ਨੇ ਇਸ ਦੀ ਸ਼ਿਕਾਇਤ ਦਿੱਲੀ ਪੁਲਿਸ ਨੂੰ ਕੀਤੀ ਪਰ ਉਨ੍ਹਾਂ ਕੇਸ ਦਰਜ ਨਹੀਂ ਕੀਤਾ। ਫਿਰ ਸੀਸੀਟੀਵੀ ਕੈਮਰਿਆਂ ਦੀ ਸਹਾਇਤਾ ਨਾਲ ਪਤਾ ਲੱਗਾ ਕਿ ਸਾਦੇ ਕੱਪੜਿਆਂ ਵਿੱਚ ਆਏ ਪੁਲਿਸ ਮੁਲਾਜ਼ਮਾਂ ਨੇ ਹੀ ਵਪਾਰੀ ਨੂੰ ਬੰਦੂਕ ਦੀ ਨੋਕ 'ਤੇ ਅਗ਼ਵਾ ਕੀਤਾ ਹੈ।