ਹੁਣ ਭਾਰਤੀ ਰੇਲ ਨੂੰ ਸੇਵਾਵਾਂ ਦਵੇਗਾ ਰਿਲਾਇੰਸ ਜੀਓ
ਏਬੀਪੀ ਸਾਂਝਾ | 22 Nov 2018 01:06 PM (IST)
ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ 1 ਜਨਵਰੀ ਤੋਂ ਰੇਲਵੇ ਨੂੰ ਸੇਵਾਵਾਂ ਦਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਰੇਲਵੇ ਦੇ ਫੋਨ ਬਿੱਲਾਂ ‘ਚ ਘੱਟੋ-ਘੱਟ 35 ਫੀਸਦ ਦੀ ਕਮੀ ਆਵੇਗੀ। ਹੁਣ ਰੇਲਵੇ ਨੂੰ ਇਹ ਸੇਵਾ ਭਾਰਤੀ ਏਅਰਟੈਲ ਦੇ ਰਹੀ ਹੈ। ਪਿਛਲੇ 6 ਸਾਲਾਂ ਤੋਂ ਏਅਰਟੈਲ ਰੇਲਵੇ ਨੂੰ 1.95 ਲੱਖ ਮੋਬਾਈਲ ਫੋਨ ਕਨੈਕਸ਼ਨ ਉਪਲੱਬਧ ਕਰਵਾ ਚੁੱਕੀ ਹੈ। ਇਸ ਦਾ ਇਸਤੇਮਾਲ ਕਰਮਚਾਰੀਆਂ ਨਾਲ ਦੇਸ਼ ਭਰ ਦੇ ‘ਕਲੋਜ਼ਡ ਯੂਜ਼ਰ ਗਰੁੱਪ’ (ਸੀਯੂਜੀ) ‘ਚ ਕੀਤਾ ਗਿਆ ਹੈ। ਇਸ ਲਈ ਰੇਲਵੇ ਹਰ ਸਾਲ 100 ਕਰੋੜ ਰੁਪਏ ਬਿੱਲ ਭਰਦੀ ਹੈ। ਰੇਲਵੇ ਤੇ ਏਅਰਟੈਲ ਦੀ ਇਹ ਡੀਲ਼ ਇਸੇ ਸਾਲ ਖ਼ਤਮ ਹੋਣ ਜਾ ਰਹੀ ਹੈ। ਰੇਲਵੇ ਨੇ 20 ਨਵੰਬਰ ਨੂੰ ਇੱਕ ਐਲਾਨ ਜਾਰੀ ਕਰਦੇ ਹੋਏ ਦੱਸਿਆ ਕਿ ਨਵੀਂ ਸੀਯੂਜੀ 1 ਜਨਵਰੀ, 2019 ਤੋਂ ਸ਼ੁਰੂ ਹੋ ਰਹੀ ਹੈ। ਇਸ ਯੋਜਨਾ ‘ਚ ਰਿਲਾਇੰਸ ਜੀਓ 4ਜੀ ਤੇ 3ਜੀ ਕਨੈਕਸ਼ਨ ਕਰਮਚਾਰੀਆਂ ਨੂੰ ਉਪਲੱਬਧ ਕਰਾਵੇਗੀ। ਇਸ ‘ਚ ਮੁਫਤ ਕਾਲਿੰਗ ਤੇ ਐਸਐਮਐਮ ਦੀ ਸੇਵਾ ਵੀ ਹੋਵੇਗੀ। ਸਭ ਤੋਂ ਉੱਚ ਪੱਦ ਦੇ ਅਧਿਕਾਰੀਆਂ ਨੂੰ 125 ਰੁਪਏ ਪ੍ਰਤੀ ਮਹੀਨਾ ਦੇ ਬਿੱਲ ‘ਚ 60 ਜੀਬੀ ਡਾਟਾ, ਜੁਆਇੰਟ ਸਕੱਤਰ ਪਧੱਰ ਦੇ ਅਧਿਕਾਰੀਆਂ ਨੂੰ 99 ਰੁਪਏ ‘ਚ 45 ਜੀਬੀ ਡਾਟਾ, ਗਰੁੱਪ ਸੀ ਕਰਮਚਾਰੀਆਂ ਨੂੰ 67 ਰੁਪਏ ‘ਚ 30 ਜੀਬੀ ਡਾਟਾ ਤੇ ਐਸਐਮਐਸ ਦਾ ਪਲਾਨ ਪੇਸ਼ ਕਰੇਗੀ। ਨਿਯਮਿਤ ਗਾਹਕਾਂ ਲਈ ਜੀਓ ਦਾ 25 ਜੀਬੀ ਦਾ ਪਲਾਨ ਕੰਪਨੀ 199 ਰੁਪਏ ‘ਚ ਦਿੰਦੀ ਹੈ। ਇਸ ਤੋਂ ਬਾਅਦ ਗਾਹਕਾਂ ਨੂੰ ਆਪਣੇ ਪਲਾਨ ਦੇ ਟੌਪਅੱਪ ਲਈ 20 ਰੁਪਏ ਪ੍ਰਤੀ ਜੀਬੀ ਦਾ ਭੁਗਤਾਨ ਕਰਨਾ ਪੈਂਦਾ ਹੈ।