ਚੰਡੀਗੜ੍ਹ: 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਬਾਅਦ ਲਗਾਤਾਰ ਸਿਆਸੀ ਲੀਡਰਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਵਿੱਤ ਮੰਤਰੀ ਅਰੁਣ ਜੇਟਲੀ ਨੇ ਇਸ ਸਬੰਧੀ ਕਿਹਾ ਹੈ ਕਿ ਕਾਂਗਰਸ ਹੁਣ 1984 ਵਿੱਚ ਕੀਤੇ ਗੁਨਾਹਾਂ ਦੀ ਸਜ਼ਾ ਭੋਗ ਰਹੀ ਹੈ। ਹਾਈਕੋਰਟ ਦੇ ਫੈਸਲੇ ਦਾ ਸਵਾਗਤ ਕਰਦਿਆਂ ਉਨ੍ਹਾਂ ਕਾਂਗਰਸ ਤੇ ਗਾਂਧੀ ਪਰਿਵਾਰ ਨੂੰ ਆੜੇ ਹੱਥੀਂ ਲਿਆ।
ਇਹ ਵੀ ਪੜ੍ਹੋ- 1984 ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ, ਉਮਰ ਕੈਦ ਦੀ ਸਜ਼ਾ
ਉਨ੍ਹਾਂ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਲਿਖਿਆ ਕਿ ਦੰਗੇ ਦੇ ਪੀੜਤ ਪਰਿਵਾਰਾਂ ਨੇ ਬਹੁਤ ਲੰਮੀ ਤੇ ਦਰਦਨਾਕ ਉਡੀਕ ਕੀਤੀ ਹੈ ਜਿਨ੍ਹਾਂ ਨੂੰ ਸੱਤਾਧਾਰੀਆਂ ਨੇ ਮਰਵਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਣਾ ਨਹੀਂ ਚਾਹੀਦਾ ਚਾਹੇ ਉਹ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ। ਉਨ੍ਹਾਂ ਤੋਂ ਇਲਾਵਾ ਅਕਾਲੀ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਕਾਂਗਰਸੀ ਆਗੂ ਸੱਜਣ ਕੁਮਾਰ ਖਿਲਾਫ ਹਾਈਕੋਰਟ ਦੇ ਫੈਸਲੇ 'ਤੇ ਤਸੱਲੀ ਪ੍ਰਗਟਾਈ।
ਇਹ ਵੀ ਪੜ੍ਹੋ- ਚੁਰਾਸੀ ਕਤਲੇਆਮ 'ਤੇ ਵੱਡਾ ਫੈਸਲਾ, ਸੱਜਣ ਕੁਮਾਰ ਸਣੇ ਚਾਰਾਂ ਨੂੰ ਉਮਰ ਕੈਦ, ਦੋ ਦੀ ਸਜ਼ਾ ਵਧਾਈ
ਇਸੇ ਕੜੀ ਵਿੱਚ ‘ਆਪ’ ਲੀਡਰ ਭਗਵੰਤ ਮਾਨ ਨੇ ਕਿਹਾ ਕਿ ਇਸ ਫੈਸਲੇ ਵਿੱਚ ਬਹੁਤ ਦੇਰ ਲੱਗੀ। ਨਿਆਂ ਦੀ ਉਡੀਕ ਕਰਦੇ-ਕਰਦੇ ਬਹੁਤੇ ਲੋਕ ਤਾਂ ਮਰ ਗਏ। ਉਨ੍ਹਾਂ ਇਸ ਕੇਸ ਨਾਲ ਜੁੜੇ ਕਾਂਗਰਸ ਲੀਡਰ ਕਮਲ ਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਕਾਂਗਰਸ ਨੂੰ ਦੋਸ਼ੀਆਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਸੀ। ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਜ਼ਖ਼ਮ ਅਜੇ ਭਰੇ ਨਹੀਂ।
ਇਹ ਵੀ ਪੜ੍ਹੋ- ਸੱਜਣ ਨੂੰ ਸਜ਼ਾ ਮਗਰੋਂ ਕੀ ਬੋਲੇ ਪੰਜਾਬ ਦੇ ਸਿਆਸੀ ਲੀਡਰ?
ਇਹ ਵੀ ਪੜ੍ਹੋ- ਸੱਜਣ ਨੂੰ ਸਜ਼ਾ 34 ਸਾਲ ਦੇ ਸੰਘਰਸ਼ ਦਾ ਨਤੀਜਾ: ਫੂਲਕਾ