ਦਿੱਲੀ ’ਚ ਮੁੜ ਪਲੀਤ ਹੋਈ ਹਵਾ, ਲੋਕਾਂ ਨੂੰ ਸਾਹ ਲੈਣ ’ਚ ਔਖ
ਏਬੀਪੀ ਸਾਂਝਾ | 06 Oct 2018 12:44 PM (IST)
ਨਵੀਂ ਦਿੱਲੀ: ਦਿਸ਼ਾ ਬਦਲਣ ਕਾਰਨ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ‘ਖ਼ਰਾਬ ਸ਼੍ਰੇਣੀ’ ਵਿੱਚ ਆ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਵਾ ਨੇ ਪ੍ਰਦੂਸ਼ਿਤ ਭਾਰਤ-ਗਾਂਗੋਏ ਮੈਦਾਨੀ ਤੋਂ ਵੱਗਣਾ ਸ਼ੁਰੂ ਕਰ ਦਿੱਤਾ ਹੈ। ਇਸੇ ਕਾਰਨ ਦਿੱਲੀ ਦੀ ਹਵਾ ਇੱਕ ਵਾਰ ਫਿਰ ਪਲੀਤ ਹੋ ਗਈ ਹੈ। ਸ਼ੁੱਕਰਵਾਰ ਸ਼ਾਮ 4 ਵਜੇ ਏਅਰ ਇੰਡੈਕਸ ਕਵਾਲਟੀ 259 ਦਰਜ ਕੀਤੀ ਗਈ ਸੀ, ਜੋ ਹਵਾ ਦੀ ਖਰਾਬ ਗੁਣਵੱਤਾ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹਵਾ ਦੀ ਕਵਾਲਟੀ ਖ਼ਰਾਬ ਤੋਂ ਮੱਧਮ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ। ਹਵਾ ਦੀ ਗੁਣਵੱਤਾ ਉਦੋਂ ਚੰਗੀ ਮੰਨੀ ਜਾਂਦੀ ਹੈ ਜਦੋਂ ਇਸ ਦਾ ਏਅਰ ਇੰਡੈਕਸ ਕਵਾਲਟੀ (ਐਕਿਊਆਈ) 0 ਤੋਂ 50 ਦੇ ਵਿਚਕਾਰ ਹੁੰਦਾ ਹੈ। ਐਕਿਊਆਈ ਦੇ 51-100 ਵਿਚਾਲੇ ਰਹਿਣ ’ਤੇ ਹਵਾ ਦੀ ਕਵਾਲਟੀ ਤਸੱਲੀਬਖਸ਼ ਮੰਨੀ ਜਾਂਦੀ ਹੈ। 101-200 ਵਿਚਾਲੇ ਮੱਧਮ, 201-300 ਵਿਚਾਲੇ ਖਰਾਬ, 301-400 ਵਿਚਾਲੇ ਬੇਹੱਦ ਖਰਾਬ ਤੇ 401-500 ਵਿਚਾਲੇ ਹਵਾ ਦੀ ਗੁਣਵੱਤਾ ਨੂੰ ਗੰਭੀਰ ਮੰਨਿਆ ਜਾਂਦਾ ਹੈ। ਦੱਸਣਯੋਗ ਹੈ ਕਿ ਸਰਦ ਰੁੱਤ ਆਉਂਦਿਆਂ ਹੀ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਵਧ ਜਾਂਦੀ ਹੈ। ਦਿਵਾਲੀ ਦੇ ਆਸਪਾਸ ਦੇ ਸਮੇਂ ਵਿੱਚ ਦਿੱਲੀ ਧੁੰਦ ਦੀ ਸਫੈਦ ਚਾਦਰ ਨਾਲ ਢੱਕੀ ਜਾਂਦੀ ਹੈ। ਇਸੇ ਕਾਰਨ ਦਿੱਲੀ ਵਿੱਚ ਦੇਖਣ ਦੀ ਸਮਰਥਾ (ਵਿਜ਼ਿਬਿਲਟੀ) ਘੱਟ ਜਾਂਦੀ ਹੈ। ਕੀ ਵਾਰ ਤਾਂ ਧੁੰਦ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੇ ਕਈ ਯਤਨ ਕੀਤੇ ਹਨ ਪਰ ਅਜੇ ਤਕ ਇਸ ਦੇ ਨਤੀਜੇ ਸਾਹਮਣੇ ਨਹੀਂ ਆਏ।