ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਤੇ ਪੰਜਾਂ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੀ ਆਵਾਜ਼ ਤਕਰੀਬਨ ਚਲੇ ਹੀ ਗਈ ਹੈ। ਇੱਕ ਤੋਂ ਬਾਅਦ ਇੱਕ ਚੋਣ ਰੈਲੀਆਂ ਤੇ ਪ੍ਰੈੱਸ ਕਾਨਫ਼ਰੰਸਾਂ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੱਧੂ ਦੀਆਂ ਆਵਾਜ਼ ਗ੍ਰੰਥੀਆਂ ਇੰਨੀਆਂ ਬੈਠ ਗਈਆਂ ਕਿ ਉਹ ਹੁਣ ਬੋਲ ਵੀ ਨਹੀਂ ਸਕਦੇ। ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਆਰਾਮ ਕਰਨ ਦੀ ਸਲਾਹ ਦਿੱਤੀ ਹੈ।


ਪਿਛਲੇ ਤਿੰਨ ਹਫ਼ਤਿਆਂ ਤੋਂ ਸਿੱਧੂ ਨੇ 70 ਤੋਂ ਵੱਧ ਰੈਲੀਆਂ ਤੇ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੇ ਗਲ ਵਿੱਚ ਕਾਫੀ ਜ਼ਖ਼ਮ ਹੋ ਗਏ ਹਨ ਤੇ ਆਵਾਜ਼ ਗ੍ਰੰਥੀਆਂ ਨੂੰ ਵੀ ਕਾਫੀ ਨੁਕਸਾਨ ਪੁੱਜਾ ਹੈ। ਡਾਕਟਰਾਂ ਨੇ ਸਿੱਧੂ ਨੇ ਤਿੰਨ ਤੋਂ ਪੰਜ ਦਿਨਾਂ ਤਕ ਪੂਰਾ ਆਰਾਮ ਕਰਨ ਲਈ ਕਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੀ ਆਵਾਜ਼ ਜਾਣ ਦਾ ਖ਼ਦਸ਼ਾ ਹੈ।

ਕਾਂਗਰਸ ਦੇ ਬੁਲਾਰੇ ਨੇ ਦੱਸਿਆ ਕਿ ਲਗਾਤਾਰ ਹੈਲੀਕਾਪਟ ਤੇ ਹਵਾਈ ਜਹਾਜ਼ ਦੇ ਸਫ਼ਰ ਨੇ ਸਿੱਧੂ ਦੀ ਸਿਹਤ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਸਿਹਤ ਖ਼ਰਾਬ ਹੋਣ ਤੋਂ ਬਾਅਦ ਸਿੱਧੂ ਨੂੰ ਹੁਣ ਕਿਸੇ ਅਣਦੱਸੀ ਥਾਂ 'ਤੇ ਸਿਹਤਯਾਬ ਹੋਣ ਲਈ ਭੇਜ ਦਿੱਤਾ ਗਿਆ ਹੈ।