ਨਵੀਂ ਦਿੱਲੀ: ਸੁਪਰੀਮ ਕੋਰਟ ਦੀ ਇਜਾਜ਼ਤ ਮਿਲਣ ਤੋਂ ਬਾਅਦ ਸੀਪੀਆਈਐਮ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਆਪਣੇ ਪਾਰਟੀ ਲੀਡਰ ਤੇ ਸਾਬਕਾ ਵਿਧਾਇਕ ਮੁਹੰਮਦ ਯੁਸੂਫ ਤਾਰਿਗਾਮੀ ਨਾਲ ਮੁਲਾਕਾਤ ਕਰਨ ਲਈ ਵੀਰਵਾਰ ਨੂੰ ਜੰਮੂ-ਕਸ਼ਮੀਰ ਜਾਣਗੇ। ਯੇਚੁਰੀ ਨੇ ਕਿਹਾ ਕਿ ਉਨ੍ਹਾਂ ਦੇ ਸਫ਼ਰ ਲਈ ਕੁਝ ਵੀ ਕੀਤੇ ਜਾਣ ਦੀ ਲੋੜ ਨਹੀਂ। ਉਹ ਸਭ ਕੁਝ ਕਰਨਗੇ। ਸੂਬੇ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਤਾਰਿਗਾਮੀ ਨੂੰ ਹਿਰਾਸਤ ‘ਚ ਲਿਆ ਗਿਆ ਹੈ।


ਚੀਫ ਜਸਟਿਸ ਰੰਜਨ ਗਗੋਈ ਦੇ ਬੈਂਚ ਨੇ ਯੇਚੁਰੀ ਨੂੰ ਹੁਕਮ ਦਿੱਤਾ ਕਿ ਜੰਮੂ-ਕਸ਼ਮੀਰ ਜਾਣ ਤੋਂ ਬਾਅਦ ਉਹ ਸਿਰਫ ਤਾਰਿਗਾਮੀ ਨਾਲ ਮੁਲਾਕਾਤ ਕਰਨਗੇ। ਉਹ ਆਪਣੀ ਯਾਤਰਾ ਦਾ ਇਸਤੇਮਾਲ ਕਿਸੇ ਰਾਜਨੀਤਕ ਮਕਸਦ ਲਈ ਨਹੀਂ ਕਰਨਗੇ। ਕੋਰਟ ਨੇ ਯੇਚੁਰੀ ਨੂੰ ਮਿਲਣ ਤੇ ਤਾਰਿਗਾਮੀ ਦੀ ਸਿਹਤ ਦੀ ਜਾਣਕਾਰੀ ਲੈਣ ਦੀ ਇਜਾਜ਼ਤ ਦਿੱਤੀ ਹੈ। ਯੇਚੁਰੀ ਨੇ ਅੱਗੇ ਕਿਹਾ ਕਿ ਮਾਮਲਾ ਅੱਗੇ ਵਧੇਗਾ। ਇਹ ਅਜੇ ਆਖਰੀ ਹੁਕਮ ਨਹੀਂ, ਇਸ ਲਈ ਮਾਮਲਾ ਬੰਦ ਨਹੀਂ ਹੋਇਆ।

ਯੇਚੁਰੀ ਨੇ ਕਿਹਾ, “ਮੇਰੇ ਪਰਤਣ ਤੋਂ ਬਾਅਦ ਮਾਮਲਾ ਅੱਗੇ ਵਧੇਗਾ। ਮੈਂ ਤਾਰਿਗਾਮੀ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਾਂਗਾ ਤੇ ਇਸ ਹੁਕਮ ਤੋਂ ਬਾਅਦ ਪ੍ਰਸਾਸ਼ਨ ਅਧਿਕਾਰੀਆਂ ਨੂੰ ਮੇਰੀ ਯਾਤਰਾ ਦੀ ਵਿਵਸਥਾ ਕਰਨੀ ਪਵੇਗੀ। ਮੈਂ ਕੋਰਟ ਦੇ ਹੁਕਮਾਂ ਮੁਤਾਬਕ ਕੱਲ੍ਹ ਜਾਵਾਂਗਾ। ਯੇਚੁਰੀ ਨੇ ਕਿਹਾ ਕਿ ਉਹ ਵਾਪਸ ਆਉਣ ਤੋਂ ਬਾਅਦ ਕੋਰਟ ‘ਚ ਹਲਫਨਾਮਾ ਦਾਖਲ ਕਰਨਗੇ।

ਇਸ ਮਹੀਨੇ ਉਹ ਜੰਮੂ-ਕਸ਼ਮੀਰ ਜਾਣ ਦੀ ਦੋ ਵਾਰ ਕੋਸ਼ਿਸ਼ ਕਰ ਚੁੱਕੇ ਹਨ। ਉਨ੍ਹਾਂ ਨੂੰ ਦੋਵੇਂ ਵਾਰ ਸ਼੍ਰੀਨਗਰ ਏਅਰਪੋਰਟ ਤੋਂ ਹੀ ਵਾਪਸ ਆਉਣਾ ਪਿਆ। ਉਨ੍ਹਾਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ ਸੀ।