ਨਵੀਂ ਦਿੱਲੀ: ਭੋਪਾਲ ਤੋਂ ਬੀਜੇਪੀ ਸਾਂਸਦ ਪ੍ਰੱਗਿਆ ਸਿੰਘ ਠਾਕੁਰ ਨੇ ਇੱਕ ਬਿਆਨ ਦੇ ਕੇ ਫਿਰ ਤੋਂ ਵਿਵਾਦ ਛੇੜ ਦਿੱਤਾ ਹੈ। ਬੀਜੇਪੀ ਸਾਂਸਦ ਪ੍ਰੱਗਿਆ ਸਿੰਘ ਠਾਕੁਰ ਨੇ ਐਤਵਾਰ ਨੂੰ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਹ ਨਾਲੀ ਤੇ ਸ਼ੌਚਾਲਿਆ ਸਾਫ ਕਰਨ ਲਈ ਸਾਂਸਦ ਨਹੀਂ ਬਣੀ। ਉਨ੍ਹਾਂ ਦੇ ਇਸ ਬਿਆਨ ਨੂੰ ਮੋਦੀ ਪੀਐਮ ਮੋਦੀ ਦੀ ਯੋਜਨਾ 'ਸਵੱਸ਼ ਭਾਰਤ ਮਿਸ਼ਨ' ਦੇ ਖ਼ਿਲਾਫ਼ ਮੰਨਿਆ ਜਾ ਰਿਹਾ ਹੈ।


ਦੱਸ ਦੇਈਏ ਮੋਦੀ ਨੇ ਆਪਣੇ ਪਹਿਲੇ ਕਾਰਜਕਾਲ ਦੌਰਾਨ 2014 ਵਿੱਚ 2 ਅਕਤੂਬਰ ਨੂੰ ਸਵੱਸ਼ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਉਦੋਂ ਪੀਐਮ ਮੋਦੀ ਨੇ ਖ਼ੁਦ ਝਾੜੂ ਲਾ ਕੇ ਲੋਕਾਂ ਨੂੰ ਸਵੱਸ਼ਤਾ ਦਾ ਸੰਦੇਸ਼ ਦਿੱਤਾ ਸੀ ਪਰ ਬੀਜੇਪੀ ਸਾਂਸਦ ਪ੍ਰੱਗਿਆ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਕਿ ਉਹ ਪੀਐਮ ਮੋਦੀ ਜਾਂ ਹੋਰ ਲੀਡਰਾਂ ਵਾਂਗ ਝਾੜੂ ਲਾਉਣਗੇ।

ਦਰਅਸਲ ਸਾਧਵੀ ਪ੍ਰੱਗਿਆ ਨੇ ਐਤਵਾਰ ਨੂੰ ਬੀਜੇਪੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਇੱਕ ਘਟਨਾ ਦਾ ਜ਼ਿਕਰ ਕੀਤਾ ਜਿਸ ਵਿੱਚ ਉਨ੍ਹਾਂ ਨੂੰ ਸੀਹੋਰ ਦੇ ਕਿਸੇ ਵਰਕਰ ਦਾ ਫੋਨ ਆਇਆ ਸੀ। ਸਾਧਵੀ ਪ੍ਰੱਗਿਆ ਨੇ ਕਿਹਾ ਕਿ ਧਿਆਨ ਰੱਖੋ, ਅਸੀਂ ਨਾਲੀ ਸਾਫ ਕਰਨ ਲਈ ਨਹੀਂ ਬਣੇ ਹਾਂ, ਠੀਕ ਹੈ ਨਾ। ਅਸੀਂ ਤੁਹਾਡੇ ਸ਼ੌਚਾਲਿਆ ਸਾਫ ਕਰਨ ਲਈ ਬਿਲਕੁਲ ਨਹੀਂ ਬਣਾਏ ਗਏ ਹਾਂ। ਅਸੀਂ ਜਿਸ ਕੰਮ ਲਈ ਬਣਾਏ ਗਏ ਹਾਂ, ਉਹ ਕੰਮ ਅਸੀਂ ਇਮਾਨਦਾਰੀ ਨਾਲ ਕਰਾਂਗੇ। ਇਹ ਸਾਡਾ ਪਹਿਲਾਂ ਵੀ ਕਹਿਣਾ ਸੀ, ਅੱਜ ਵੀ ਕਹਿਣਾ ਹੈ ਤੇ ਅੱਗੇ ਵੀ ਕਹਾਂਗੇ।