ਨਵੀਂ ਦਿੱਲੀ: ਚੰਦਰਯਾਨ-2 ਰਾਹੀਂ ਭਾਰਤ ਨੇ ਪੁਲਾੜ ਦੀ ਦੁਨੀਆ ‘ਚ ਇੱਕ ਹੋਰ ਇਤਿਹਾਸਕ ਰਚ ਦਿੱਤਾ ਹੈ। ਮਿਸ਼ਨ ਚੰਦਰਯਾਨ ਦੀ ਲੌਂਚਿੰਗ ਤੈਅ ਸਮੇਂ 2:43 ਵਜੇ ਹੋਈ। ਐਤਵਾਰ ਸ਼ਾਮ 6:43 ਵਜੇ ‘ਤੇ ਇਸ ਦੀ 20 ਘੰਟੇ ਦੀ ਪੁੱਠੀ ਗਿਣਤੀ ਸ਼ੁਰੂ ਹੋਈ ਸੀ। ਚੰਦਰਯਾਨ-2 ਨੂੰ ਚੇਨਈ ਤੋਂ ਕਰੀਬ 100 ਕਿਮੀ ਦੂਰ ਸਤੀਸ਼ ਧਵਨ ਪੁਲਾੜ ਕੇਂਦਰ ‘ਚ ਦੂਜੇ ਲੌਂਚ ਪੈਡ ਨਾਲ ਲਾਂਚ ਕੀਤਾ ਗਿਆ।

ਇਸ ਮਿਸ਼ਨ ‘ਚ 978 ਕਰੋੜ ਰੁਪਏ ਖ਼ਰਚ ਹੋਏ ਹਨ। ਇਸ ਮਿਸ਼ਨ ਰਾਹੀਂ 11 ਸਾਲ ਬਾਅਦ ਇਸਰੋ ਵੱਲੋਂ ਚੰਨ ‘ਤੇ ਭਾਰਤ ਦਾ ਝੰਡਾ ਲਹਿਰਾਏਗਾ। ਇਹ ਭਾਰਤ ਦਾ ਦੂਜਾ ਚੰਨ ਮਿਸ਼ਨ ਹੈ। ਇਸ ਤੋਂ ਪਹਿਲਾਂ 2008 ‘ਚ ਚੰਦਰਯਾਨ-1 ਨੂੰ ਭੇਜਿਆ ਗਿਆ ਸੀ।

ਚੰਦਰਯਾਨ-2 ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਪਹਿਲਾ ਆਰਬਿਟਰ ਹੈ ਜੋ ਚੰਨ ਦੇ ਨੇੜੇ ਰਹੇਗਾ। ਦੂਜਾ ਹੈ ਲੈਂਡਰ ਜੋ ਇਸ ਦੀ ਧਰਤੀ ‘ਤੇ ਉਤਰੇਗਾ ਤੇ ਤੀਜਾ ਰੋਵਰ ਹੈ ਜੋ ਇਸ ਦੇ ਆਲੇ-ਦੁਆਲੇ ਘੁੰਮੇਗਾ। ਇਹ ਆਪਣਾ 3 ਲੱਖ 84 ਹਜ਼ਾਰ ਕਿਮੀ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੰਨ ‘ਤੇ ਉਤਰੇਗਾ।

ਚੰਦਰਯਾਨ -2 ਨੂੰ ਚੰਨ ਦੀ ਧਰਤੀ ‘ਤੇ ਲੈਂਡ ਕਰਨ ‘ਚ ਕਰੀਬ 48 ਦਿਨ ਲੱਗਣਗੇ। ਇਹ ਮਿਸ਼ਨ ਇਸਰੋ ਲਈ ਮੀਲ ਦਾ ਪੱਥਰ ਸਾਬਤ ਹੋ ਸਕਦਾ ਹੈ। ਅਜਿਹਾ ਪਹਿਲੀ ਵਾਰ ਹੈ ਕਿ ਇਸਰੋ ਚੰਨ ‘ਤੇ ਰੋਵਰ ਉਤਾਰ ਰਿਹਾ ਹੈ। ਇਸ ਮਿਸ਼ਨ ਦੇ ਕਾਮਯਾਬ ਹੋਣ ਤੋਂ ਬਾਅਦ ਭਾਰਤ ਚੌਥਾ ਅਜਿਹਾ ਦੇਸ਼ ਹੋ ਜਾਵੇਗਾ, ਜਿਸ ਦਾ ਰੋਵਰ ਦੂਜੇ ਗ੍ਰਹਿ ‘ਤੇ ਉਤਰੇਗਾ।