ਭੁਪਾਲ: ਸਾਧਵੀ ਪ੍ਰਗਿਆ ਠਾਕੁਰ ਨੇ ਇੱਕ ਨਵਾਂ ਬਿਆਨ ਦੇ ਕੇ ਆਪਣੀ ਪਾਰਟੀ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਉਸ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੈ। ਪ੍ਰਗਿਆ ਦਾ ਇਹ ਪ੍ਰਤੀਕਰਮ ਬਾਲੀਵੁੱਡ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਦੇ ਬਿਆਨ 'ਤੇ ਆਇਆ ਹੈ।


ਸਾਧਵੀ ਪ੍ਰਗਿਆ ਸਿੰਘ ਠਾਕੁਰ ਸਾਲ 2008 ਵਿੱਚ ਹੋਏ ਮਾਲੇਗਾਓਂ ਧਮਾਕਿਆਂ ਵਿੱਚ ਨਾਮਜ਼ਦ ਹੈ ਤੇ ਭਾਜਪਾ ਦੀ ਟਿਕਟ ਤੋਂ ਭੁਪਾਲ ਤੋਂ ਚੋਣ ਲੜ ਰਹੀ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਗਿਆ ਠਾਕੁਰ ਨੂੰ ਗੋਡਸੇ ਬਾਰੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਨਾਥੂਰਾਮ ਗੋਡਸੇ ਦੇਸ਼ ਭਗਤ ਸਨ ਤੇ ਸਦਾ ਦੇਸ਼ ਭਗਤ ਹੀ ਰਹਿਣਗੇ। ਉਸ ਨੇ ਕਿਹਾ ਕਿ ਜੋ ਲੋਕ ਗੋਡਸੇ ਨੂੰ ਅੱਤਵਾਦੀ ਦੱਸ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਮੂੰਹਤੋੜ ਜਵਾਬ ਮਿਲ ਜਾਵੇਗਾ।

ਜ਼ਰੂਰ ਪੜ੍ਹੋ- ਆਜ਼ਾਦੀ ਤੋਂ ਬਾਅਦ ਪਹਿਲਾ ਅੱਤਵਾਦੀ ਸੀ 'ਹਿੰਦੂ', ਕਮਲ ਹਸਨ ਨੇ ਦੱਸਿਆ ਨਾਂ, ਬੀਜੇਪੀ 'ਚ ਭੂਚਾਲ

ਜ਼ਿਕਰਯੋਗ ਹੈ ਕਿ ਕਮਲ ਹਾਸਨ ਨੇ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ ਤੇ ਉਸ ਦਾ ਨਾਂ ਨਾਥੂਰਾਮ ਗੋਡਸੇ ਸੀ। ਹਾਸਨ ਨੇ ਇਹ ਵੀ ਕਿਹਾ ਸੀ ਕਿ ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ। ਭਾਜਪਾ ਨੇ ਹਾਸਨ ਦੇ ਬਿਆਨ 'ਤੇ ਕਾਫੀ ਇਤਰਾਜ਼ ਜਤਾਇਆ ਸੀ, ਪਰ ਹੁਣ ਸਾਧਵੀ ਪ੍ਰਗਿਆ ਠਾਕੁਰ ਨੇ ਦੇਸ਼ ਦੇ ਸਭ ਤੋਂ ਵੱਡੇ ਆਜ਼ਾਦੀ ਘੁਲਾਟੀਆਂ ਵਿੱਚੋਂ ਮੋਹਰੀ ਮਹਾਤਮਾ ਗਾਂਧੀ ਨੂੰ ਕਤਲ ਕਰਨ ਵਾਲੇ ਵਿਅਕਤੀ ਨੂੰ ਦੇਸ਼ ਭਗਤ ਦੱਸ ਕੇ ਪਾਰਟੀ ਨੂੰ ਫਿਰ ਮੁਸ਼ਕਲ ਵਿੱਚ ਫਸਾ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਗਿਆ ਠਾਕੁਰ ਮੁੰਬਈ ਦਹਿਸ਼ਤੀ ਹਮਲੇ ਵਿੱਚ ਸੂਰਬੀਰਤਾ ਦਿਖਾਉਣ ਵਾਲੇ ਆਈਪੀਐਸ ਅਧਿਕਾਰੀ ਹੇਮੰਤ ਕਰਕਰੇ ਬਾਰੇ ਵਿਵਾਦਤ ਟਿੱਪਣੀ ਕਰ ਚੁੱਕੀ ਹੈ।