ਮਮਤਾ ਦਾ ਚੜ੍ਹਿਆ ਪਾਰਾ, ਮੋਦੀ ਨੂੰ ਜੇਲ੍ਹ 'ਚ ਸੁੱਟਣ ਦੀ ਧਮਕੀ
ਏਬੀਪੀ ਸਾਂਝਾ | 16 May 2019 03:50 PM (IST)
ਮਮਤਾ ਨੇ ਸਮਾਜਸੇਵੀ ਤੇ ਆਜ਼ਾਦੀ ਘੁਲਾਟੀਏ ਈਸ਼ਵਰਚੰਦ ਵਿਦਿਆਸਾਗਰ ਦੀ ਮੂਰਤੀ ਤੋੜਣ ਦੀ ਘਟਨਾ ‘ਤੇ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕਾ ਸਬੂਤ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਟੀਐਮਸੀ ਦੇ ਵਰਕਰਾਂ ਨੇ ਮੂਰਤੀ ਤੋੜੀ ਹੈ।
ਕਲਕਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਹਮਲਾ ਕੀਤਾ ਹੈ। ਮਮਤਾ ਨੇ ਸਮਾਜਸੇਵੀ ਤੇ ਆਜ਼ਾਦੀ ਘੁਲਾਟੀਏ ਈਸ਼ਵਰਚੰਦ ਵਿਦਿਆਸਾਗਰ ਦੀ ਮੂਰਤੀ ਤੋੜਣ ਦੀ ਘਟਨਾ ‘ਤੇ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕਾ ਸਬੂਤ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਟੀਐਮਸੀ ਦੇ ਵਰਕਰਾਂ ਨੇ ਮੂਰਤੀ ਤੋੜੀ ਹੈ।ਮਮਤਾ ਨੇ ਮੋਦੀ ਨੂੰ ਚੁਣੌਤੀ ਦਿੰਦੀਆਂ ਕਿਹਾ ਕਿ ਉਹ ਜੋ ਕਹਿ ਰਹੇ ਹਨ ਜਾਂ ਤਾਂ ਸਾਬਤ ਕਰਨ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿਆਂਗੇ। ਮਮਤਾ ਨੇ ਕਿਹਾ, “ਉਹ ਕਹਿੰਦੇ ਹਨ ਕਿ ਈਸ਼ਵਰਚੰਦ ਦੀ ਮੂਰਤੀ ਬਣਾਉਣਗੇ। ਬੰਗਾਲ ਕੋਲ ਪੈਸਾ ਹੈ ਕਿ ਉਹ ਆਪ ਬੁੱਤ ਬਣਵਾ ਸਕਣ ਪਰ ਕੀ ਉਹ ਸਾਨੂੰ 200 ਸਾਲ ਦੀ ਸਾਡੀ ਵਿਰਾਸਤ ਸਾਨੂੰ ਵਾਪਸ ਕਰ ਸਕਦੇ ਹਨ। ਸਾਡੇ ਕੋਲ ਸਬੂਤ ਹੈ ਤੇ ਇਸ ਦੇ ਬਾਵਜੂਦ ਉਹ ਕਹਿ ਰਹੇ ਹਨ ਟੀਐਮਸੀ ਨੇ ਇਹ ਕੀਤਾ ਹੈ। ਆਪਣੇ ਇਲਜ਼ਾਮ ਉਹ ਸਾਬਤ ਕਰਨ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੇਲ਼੍ਹ ‘ਚ ਸੁੱਟ ਦਿਆਂਗੇ।” ਈਸ਼ਵਰਚੰਦ ਦਾ ਬੁੱਤ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ‘ਚ ਜ਼ੁਬਾਨੀ ਜੰਗ ਜਾਰੀ ਹੈ। ਦੋਵੇਂ ਪਾਰਟੀਆਂ ਇੱਕ-ਦੂਜੇ ‘ਤੇ ਬੁੱਤ ਤੋੜਨ ਦਾ ਇਲਜ਼ਾਮ ਲੱਗਾ ਰਹੀਆਂ ਹਨ। ਇਹ ਘਟਨਾ ਮੰਗਲਵਾਰ ਦੀ ਹੈ ਜਦੋਂ ਅਮਿਤ ਸ਼ਾਹ ਨੇ ਕੋਲਕਾਤਾ ‘ਚ ਰੋਡ ਸ਼ੋਅ ਕੀਤਾ ਸੀ। ਇਸ ਦੌਰਾਨ ਟੀਐਮਸੀ ਤੇ ਬੀਜੇਪੀ ਸਮਰਥਕਾਂ ‘ਚ ਝੜਪ ਦੌਰਾਨ ਮੂਰਤੀ ਟੁੱਟ ਗਈ ਸੀ।