Prajwal Revanna: ਕਈ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਜਨਤਾ ਦਲ (ਸੈਕੂਲਰ) ਦੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਅੱਜ ਤੜਕੇ ਬੈਂਗਲੁਰੂ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਜਵਲ ਨੂੰ SIT ਨੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਰਮਨੀ ਤੋਂ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤਾ ਅਤੇ ਪੁੱਛਗਿੱਛ ਲਈ CID ਦਫਤਰ ਲਿਜਾਇਆ ਗਿਆ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਉਨ੍ਹਾਂ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।
ਜੇਡੀਐਸ ਦੇ ਸਰਪ੍ਰਸਤ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਅਤੇ ਹਾਸਨ ਲੋਕ ਸਭਾ ਹਲਕੇ ਤੋਂ ਐਨਡੀਏ ਉਮੀਦਵਾਰ ਪ੍ਰਜਵਲ ਰੇਵੰਨਾ 'ਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ। ਪ੍ਰਜਵਲ ਰੇਵੰਨਾ ਆਪਣੇ ਹਲਕੇ 'ਚ ਲੋਕ ਸਭਾ ਚੋਣਾਂ ਲਈ ਵੋਟ ਪਾਉਣ ਤੋਂ ਇਕ ਦਿਨ ਬਾਅਦ 27 ਅਪ੍ਰੈਲ ਨੂੰ ਵਿਦੇਸ਼ ਚਲੇ ਗਏ ਸਨ। ਉੱਥੇ ਹੀ ਗ੍ਰਿਫਤਾਰੀ ਤੋਂ 24 ਘੰਟਿਆਂ ਦੇ ਅੰਦਰ ਐਸਆਈਟੀ ਪ੍ਰਜਵਲ ਰੇਵੰਨਾ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਰਿਮਾਂਡ ਦੀ ਮੰਗ ਕਰੇਗੀ। ਇਸ ਤੋਂ ਪਹਿਲਾਂ ਕਰਨਾਟਕ ਸਰਕਾਰ ਨੇ ਵੀਰਵਾਰ ਨੂੰ ਕਿਹਾ ਸੀ ਕਿ ਜੇਕਰ ਪ੍ਰਜਵਲ ਰੇਵੰਨਾ ਦੇਸ਼ ਨਹੀਂ ਪਰਤਿਆ ਤਾਂ ਉਸ ਦਾ ਪਾਸਪੋਰਟ ਰੱਦ ਕਰਨ ਵਰਗੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: 8 ਘੰਟੇ ਲੇਟ ਉੱਡਿਆ ਜਹਾਜ਼, ਬਿਨਾਂ AC ਤੋਂ ਬੈਠੇ ਫਲਾਈਟ ‘ਚ ਯਾਤਰੀ, ਕਈ ਹੋਏ ਬੇਹੋਸ਼, ਫਿਰ ਏਅਰਲਾਈਨ ਨੇ....
ਪ੍ਰਜਵਲ ਨੇ ਇਕ ਵੀਡੀਓ ਬਿਆਨ ਜਾਰੀ ਕਰਕੇ ਵਾਅਦਾ ਕੀਤਾ ਸੀ ਕਿ ਉਹ 31 ਮਈ ਯਾਨੀ ਅੱਜ ਆਪਣੇ ਵਿਰੁੱਧ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਵੇਗਾ। ਅਧਿਕਾਰਤ ਸੂਤਰਾਂ ਮੁਤਾਬਕ ਪ੍ਰਜਵਲ ਨੇ ਲੁਫਥਾਂਸਾ ਦੀ ਮਿਊਨਿਖ-ਬੰਗਲੌਰ ਫਲਾਈਟ 'ਤੇ ਬਿਜ਼ਨੈੱਸ ਕਲਾਸ ਦੀ ਟਿਕਟ ਬੁੱਕ ਕਰਵਾਈ ਸੀ।
ਜ਼ਿਕਰਯੋਗ ਹੈ ਕਿ ਰਾਜ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਪ੍ਰਜਵਲ ਨੇ ਆਪਣੇ ਵੀਡੀਓ ਵਿੱਚ ਕਿਹਾ ਕਿ ਉਹ 31 ਮਈ (ਅੱਜ) ਨੂੰ ਸਵੇਰੇ 10 ਵਜੇ ਐਸਆਈਟੀ ਸਾਹਮਣੇ ਪੇਸ਼ ਹੋਵੇਗਾ। ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਆਵੇਗਾ। ਜੇਕਰ ਉਹ ਨਹੀਂ ਆਉਂਦਾ ਤਾਂ ਉਸ ਦਾ ਪਾਸਪੋਰਟ ਰੱਦ ਕਰਨ ਵਰਗੀਆਂ ਕਾਰਵਾਈਆਂ ਅਪਣਾਈਆਂ ਜਾਣਗੀਆਂ। ਅਸੀਂ ਸੀਬੀਆਈ ਰਾਹੀਂ ਇੰਟਰਪੋਲ ਨੂੰ ਬੇਨਤੀ ਕਰਾਂਗੇ, ਕਿਉਂਕਿ ਸੂਬਾ ਸਰਕਾਰ ਸਿੱਧੇ ਤੌਰ 'ਤੇ ਅਜਿਹਾ ਨਹੀਂ ਕਰ ਸਕਦੀ। ਸਾਨੂੰ ਇਹ ਕੰਮ ਭਾਰਤ ਸਰਕਾਰ ਦੀਆਂ ਏਜੰਸੀਆਂ ਰਾਹੀਂ ਕਰਨਾ ਹੋਵੇਗਾ। ਐਸਆਈਟੀ ਅਧਿਕਾਰੀਆਂ ਦੀ ਟੀਮ ਪ੍ਰਜਵਲ ਨੂੰ ਗ੍ਰਿਫਤਾਰ ਕਰਨ ਲਈ ਹਵਾਈ ਅੱਡੇ 'ਤੇ ਤਿਆਰ-ਬਰ-ਤਿਆਰ ਖੜ੍ਹੀ ਹੋਈ ਹੈ।
ਇਹ ਵੀ ਪੜ੍ਹੋ: BJP Vs AAP: ਲੋਕ ਸਭਾ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਹੋਵੇਗੀ ਖ਼ਤਮ, ਭਾਜਪਾ ਦੇ ਵੱਡੇ ਬੁਲਾਰੇ ਦਾ ਵੱਡਾ ਬਿਆਨ