Delhi Blast Update: ਵੀਰਵਾਰ ਸਵੇਰੇ ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ 'ਚ ਧਮਾਕਾ ਹੋਇਆ। ਇਸ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਘਟਨਾ 'ਤੇ ਦਿੱਲੀ ਦੇ ਸਾਬਕਾ ਸੀਐਮ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) 'ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਵਧ ਰਹੇ ਅਪਰਾਧਾਂ ਕਾਰਨ ਡਰ ਦੇ ਸਾਏ ਹੇਠ ਰਹਿ ਰਹੇ ਹਨ।
ਐਕਸ 'ਤੇ ਇੱਕ ਪੋਸਟ 'ਚ ਅਰਵਿੰਦ ਕੇਜਰੀਵਾਲ ਨੇ ਕਿਹਾ,''ਦਿੱਲੀ 'ਚ ਕਤਲ, ਜਬਰਦਸਤੀ, ਲੁੱਟ-ਖੋਹ ਤੇ ਲਗਾਤਾਰ ਵਧ ਰਹੇ ਅਪਰਾਧਾਂ ਕਾਰਨ ਲੋਕ ਪਹਿਲਾਂ ਹੀ ਡਰ ਦੇ ਸਾਏ ਹੇਠ ਹਨ ਤੇ ਅੱਜ ਇਕ ਧਮਾਕਾ ਵੀ ਹੋਇਆ ਹੈ।'' ਦਿੱਲੀ 'ਚ ਹਰ ਕਿਸੇ ਨੂੰ ਆਰਾਮ ਨਾਲ ਤੇ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਕਿਰਪਾ ਕਰਕੇ ਆਪਣੀ ਨੀਂਦ ਤੋਂ ਜਾਗੋ ਅਤੇ ਆਪਣੀ ਜ਼ਿੰਮੇਵਾਰੀ ਨਿਭਾਓ।
ਦਿੱਲੀ ਪੁਲਿਸ ਦੇ ਪੀਆਰਓ ਐਡੀਸ਼ਨਲ ਸੀਪੀ ਸੰਜੇ ਕੁਮਾਰ ਤਿਆਗੀ ਨੇ ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਕਿਹਾ, “ਅੱਜ ਸਵੇਰੇ 11.47 ਵਜੇ ਪ੍ਰਸ਼ਾਂਤ ਵਿਹਾਰ ਪੁਲਿਸ ਸਟੇਸ਼ਨ ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ। ਟੀਮ ਜਦੋਂ ਉਥੇ ਪਹੁੰਚੀ ਤਾਂ ਦੇਖਿਆ ਕਿ ਧਮਾਕਾਖੇਜ਼ ਸਮੱਗਰੀ ਚਾਰੇ ਪਾਸੇ ਖਿੱਲਰੀ ਪਈ ਸੀ ਤੇ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਪੁਲਿਸ ਦੀਆਂ ਸਾਰੀਆਂ ਟੀਮਾਂ, ਸਪੈਸ਼ਲ ਸੈੱਲ, ਫੋਰੈਂਸਿਕ ਟੀਮਾਂ ਸਭ ਮੌਕੇ 'ਤੇ ਮੌਜੂਦ ਹਨ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਹੀ ਸਾਨੂੰ ਪਤਾ ਲੱਗੇਗਾ, ਅਸੀਂ ਤੁਹਾਨੂੰ ਦੱਸਾਂਗੇ।”
ਸੂਤਰਾਂ ਮੁਤਾਬਕ ਇਸ ਧਮਾਕੇ ਦਾ ਨਮੂਨਾ ਬਿਲਕੁਲ ਉਸੇ ਤਰ੍ਹਾਂ ਦਾ ਹੈ ਜੋ ਪ੍ਰਸ਼ਾਂਤ ਵਿਹਾਰ 'ਚ ਸੀਆਰਪੀਐੱਫ ਸਕੂਲ ਦੀ ਕੰਧ ਨੇੜੇ ਹੋਇਆ ਸੀ। ਉਸ ਧਮਾਕੇ ਵਾਲੀ ਥਾਂ 'ਤੇ ਚਿੱਟਾ ਪਾਊਡਰ ਵੀ ਮਿਲਿਆ ਸੀ। ਇੱਥੇ ਵੀ ਅਜਿਹਾ ਹੀ ਪਾਊਡਰ ਮਿਲਿਆ ਹੈ। ਫਿਲਹਾਲ ਐਫਐਸਐਲ ਟੀਮ ਮੌਕੇ ਤੋਂ ਸਬੂਤ ਇਕੱਠੇ ਕਰ ਰਹੀ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਚਿੱਟਾ ਪਾਊਡਰ ਕੀ ਸੀ। ਪ੍ਰਸ਼ਾਂਤ ਵਿਹਾਰ ਬਲਾਸਟ ਮਾਮਲੇ 'ਚ NSG ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਹੈ।