ਚੰਡੀਗੜ੍ਹ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਲੰਘੀ ਰਾਤ ਤੋਂ ਹੀ ਦਿੱਲੀ ਵਿੱਚ ਮੀਂਹ ਪੈ ਰਿਹਾ ਹੈ। ਉੱਧਰ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿੱਚ ਅਗੇਤੀਆਂ ਮਾਨਸੂਨ ਹਵਾਵਾਂ ਨੇ ਮੌਸਮ ਸੁਹਾਵਣਾ ਕਰ ਦਿੱਤਾ ਹੈ। ਦੂਰ-ਦੂਰ ਤਕ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ।
ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਪਈ ਮਾਨਸੂਨ ਦੀ ਪਹਿਲੀ ਬਰਸਾਤ ਕਾਰਨ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਆਇਆ ਹੈ। ਪੰਜਾਬ ਵਿੱਚ ਝੋਨਾ ਕਾਸ਼ਤਕਾਰਾਂ ਦੇ ਚਿਹਰੇ ਮੀਂਹ ਨਾਲ ਖਿੜ ਗਏ ਹਨ। ਕਿਸਾਨਾਂ ਨੂੰ ਅਗੇਤੀ ਮੌਨਸੂਨ ਦੇ ਛਰਾਟਿਆਂ ਤੋਂ ਬਾਅਦ ਚੰਗਾ ਮੀਂਹ ਪੈਣ ਦੀ ਆਸ ਬੱਝ ਗਈ ਹੈ।
ਸਰਕਾਰ ਵੱਲੋਂ ਝੋਨੇ ਦੀ ਲਵਾਈ 20 ਜੂਨ ਮਿੱਥਣ, ਲੇਬਰ ਦੀ ਘਾਟ ਤੇ ਬਿਜਲੀ ਤੇ ਪਾਣੀ ਦੀ ਸਮੱਸਿਆ ਕਾਰਨ ਹਾਲੇ ਤਕ ਫ਼ਸਲ ਬੀਜਣ ਦਾ ਕੰਮ ਪੂਰੀ ਤਰ੍ਹਾਂ ਨਾਲ ਨੇਪਰੇ ਨਹੀਂ ਚੜ੍ਹਿਆ। ਮੀਂਹ ਪੈਂਦਾ ਵੇਖ ਕਿਸਾਨਾਂ ਨੇ ਝੱਟ ਟਰੈਕਟਰ ਕੱਢ ਲਏ ਤੇ ਖੇਤਾਂ ਵਿੱਚ ਕੱਦੂ ਕਰਨ ਲੱਗ ਪਏ।
ਪ੍ਰੀ-ਮਾਨਸੂਨ ਦੇ ਮੀਂਹ ਨਾਲ ਆਮ ਲੋਕਾਂ ਨੂੰ ਵੀ ਕਾਫੀ ਰਾਹਤ ਮਿਲੀ ਹੈ। 35 ਤੋਂ 38 ਡਿਗਰੀ ਦੇ ਆਸਪਾਸ ਰਹਿਣ ਵਾਲਾ ਤਾਪਮਾਨ ਹੁਣ ਘੱਟ ਕੇ 23-25 ਡਿਗਰੀ 'ਤੇ ਆ ਗਿਆ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਕਮਜ਼ੋਰ ਨਹੀਂ ਪਵੇਗਾ, ਜਿਸ ਕਾਰਨ ਚੋਖੀ ਬਾਰਿਸ਼ ਦੀ ਆਸ ਹੈ।
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਆਦਿ ਇਲਾਕਿਆਂ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਹੈ। ਉੱਧਰ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰਾਖੰਡ ਦੇ ਨਾਲ ਨਾਲ ਉੱਤਰ-ਪੂਰਬੀ ਭਾਰਤ ਦੇ ਕਈ ਸੂਬਿਆਂ ਵਿੱਚ ਆਮ ਤੋਂ ਲੈਕੇ ਭਾਰੀ ਬਾਰਿਸ਼ ਦੀ ਆਸ ਹੈ।