ਨਵੀਂ ਦਿੱਲੀ: ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੀ ਹੱਦ ਵਿੱਚ ਦਾਖ਼ਲ ਹੋ ਕੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਵੀਡੀਓ ਜਾਰੀ ਕੀਤੀ ਗਈ ਹੈ। ਬੁੱਧਵਾਰ ਸ਼ਾਮ ਨੂੰ ਜਾਰੀ ਕੀਤੀਆਂ ਵੀਡੀਓਜ਼ ਤੋਂ ਬਾਅਦ ਵੀਰਵਾਰ ਸਵੇਰ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ 'ਤੇ ਸਵਾਲਾਂ ਦੀ ਬੁਛਾੜ ਕਰ ਦਿੱਤੀ। ਭਾਜਪਾ ਨੇ ਵੀ ਕਾਂਗਰਸ ਦੇ ਇਲਜ਼ਾਮਾਂ ਦਾ ਤੁਰੰਤ ਜਵਾਬ ਦਿੱਤਾ।   ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਸਰਜੀਕਲ ਸਟ੍ਰਾਈਕ ਦਾ ਸਿਆਸੀ ਲਾਹਾ ਨਹੀਂ ਲੈਣਾ ਚਾਹੀਦਾ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਸਰਜੀਕਲ ਸਟ੍ਰਾਈਕ ਨੂੰ ਸਮਰਥਨ ਕਰਦੀ ਹੈ ਪਰ ਭਾਜਪਾ ਸਰਕਾਰ ਵੀਡੀਓ ਜਾਰੀ ਕਰ ਕੇ ਦੇਸ਼ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਰਹੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਜਵਾਨਾਂ 'ਤੇ ਮਾਣ ਹੈ ਕਿ ਉਨ੍ਹਾਂ ਪਿਛਲੇ ਕਈ ਦਹਾਕਿਆਂ ਦੌਰਾਨ ਕਈ ਸਰਜੀਕਲ ਸਟ੍ਰਾਈਕਸ ਕੀਤੀਆਂ, ਪਰ ਮੋਦੀ ਸਰਕਾਰ ਇਸ ਵੀਡੀਓ ਰਾਹੀਂ ਸੁਰਖੀਆਂ ਵਿੱਚ ਬਣੇ ਰਹਿਣਾ ਚਾਹੁੰਦੀ ਹੈ। https://twitter.com/rssurjewala/status/1012190716842262528 ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਕਾਂਗਰਸ ਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗੇ ਸਨ। ਸਰਜੀਕਲ ਸਟ੍ਰਾਈਕਸ ਦੇ ਇੰਚਾਰਜ ਤੇ ਫ਼ੌਜ ਦੇ ਸੇਵਾਮੁਕਤ ਉੱਤਰੀ ਕਮਾਂਡਰ ਲੈਫ਼ਟੀਨੈਂਟ ਜਨਰਲ ਡੀ.ਐਸ. ਹੁੱਡਾ ਨੇ ਜਾਰੀ ਵੀਡੀਓ ਦੀ ਪੁਸ਼ਟੀ ਕੀਤੀ ਕਿ ਉਹ ਅਸਲੀ ਹਨ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਭਾਰੀ ਗੋਲ਼ੀਬਾਰੀ ਨਾਲ ਅੱਤਵਾਦੀਆਂ ਦੇ ਬੰਕਰ ਤਬਾਹ ਹੋ ਰਹੇ ਹਨ। ਫ਼ੌਜ ਨੇ 29 ਸਤੰਬਰ 2016 ਨੂੰ ਸਰਹੱਦ ਪਾਰ ਕਰ ਕੇ ਪੀਓਕੇ ਵਿੱਚ ਦਾਖ਼ਲ ਹੋ ਕੇ ਅੱਤਵਾਦੀਆਂ ਦੇ ਪੰਜ ਟਿਕਾਣੇ ਤਬਾਹ ਕੀਤੇ ਸਨ। ਉੜੀ ਵਿੱਚ ਅੱਤਵਾਦੀਆਂ ਨੇ 18 ਸਤੰਬਰ 2016 ਨੂੰ ਫ਼ੌਜੀ ਕੈਂਪ 'ਤੇ ਹਮਲਾ ਕੀਤਾ ਸੀ, ਜਿਸ ਵਿੱਚ 18 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਤੋਂ 10 ਦਿਨਾਂ  ਬਾਅਦ ਹੀ ਫ਼ੌਜ ਨੇ ਬਦਲਾ ਲਿਆ ਸੀ।