ਨਵੀਂ ਦਿੱਲੀ: ਦਿੱਲੀ ਦੀਆਂ ਹੱਦਾਂ 'ਤੇ ਕਿਸਾਨਾਂ ਦੀ ਭੀੜ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਅੰਦੋਲਨ ਨੂੰ ਮਜ਼ਬੂਤ ਕਰਨ ਲਈ ਕਿਸਾਨਾਂ ਵੱਲੋਂ ਬਾਰਡਰ 'ਤੇ ਪ੍ਰੋਗਰਾਮ ਕਰਵਾਏ ਜਾਣਗੇ। ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੇ ਘੱਟੋ-ਘੱਟ ਸਮਰਥਨ ਮੁੱਲ ਸਬੰਧੀ ਨਵੇਂ ਕਾਨੂੰਨ ਲਈ ਅੰਦੋਲਨ ਕਰ ਰਹੇ ਕਿਸਾਨ ਹੁਣ ਅੰਦੋਲਨ ਵਿੱਚ ਭੀੜ ਵਧਾਉਣ ਲਈ ਕਬੱਡੀ ਲੀਗ ਕਰਵਾਉਣ ਜਾ ਰਹੇ ਹਨ। ਕਬੱਡੀ ਮੈਚ 22 ਤੋਂ 23 ਸਤੰਬਰ ਤੱਕ ਟਿੱਕਰੀ ਬਾਰਡਰ 'ਤੇ ਹੋਣਗੇ।


ਕਬੱਡੀ ਲੀਗ ਦਾ ਉਦਘਾਟਨ 22 ਸਤੰਬਰ ਨੂੰ ਬਹਾਦਰਗੜ੍ਹ ਦੇ ਡਾ. ਭੀਮ ਰਾਓ ਅੰਬੇਡਕਰ ਸਟੇਡੀਅਮ ਵਿੱਚ ਹੋਵੇਗਾ। ਇਸ ਮੁਕਾਬਲੇ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਕਬੱਡੀ ਖਿਡਾਰੀ ਸ਼ਾਮਲ ਹੋ ਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦੇਣਗੇ। ਇਸ ਕਬੱਡੀ ਲੀਗ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਖਾਪ ਪੰਚਾਇਤਾਂ ਨੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਪ੍ਰਗਟ ਸਿੰਘ ਨੇ ਦੱਸਿਆ ਕਿ 22 ਤੇ 23 ਸਤੰਬਰ ਨੂੰ ਇਹ ਲੀਗ ਦਿੱਲੀ ਮੋਰਚਾ ਵੱਲੋਂ ਬਹਾਦਰਗੜ੍ਹ ਵਿੱਚ ਕਰਵਾਈ ਜਾਵੇਗੀ ਤੇ 24 ਤੋਂ 26 ਸਤੰਬਰ ਤੱਕ ਇਹ ਲੀਗ ਸਿੰਘੂ ਸਰਹੱਦ 'ਤੇ ਚੱਲੇਗੀ।


ਇਸ ਬਾਰੇ ਉਨ੍ਹਾਂ ਅੱਗੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਰਬੋਤਮ ਰੇਡਰ ਤੇ ਕੈਚਰ ਨੂੰ ਇੱਕ ਬੁਲੇਟ ਮੋਟਰਸਾਈਕਲ ਦਿੱਤਾ ਜਾਵੇਗਾ ਤੇ ਜੇਤੂ ਟੀਮਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਕਬੱਡੀ ਲੀਗ ਨੂੰ ਦੇਖਣ ਲਈ ਹਰਿਆਣਾ ਤੇ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਉਮੀਦ ਹੈ।


ਇਸ ਲੀਗ ਦੇ ਖ਼ਤਮ ਹੋਣ ਦੇ ਅਗਲੇ ਦਿਨ ਯਾਨੀ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਭਾਰਤ ਬੰਦ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਕਿਸਾਨ ਆਗੂਆਂ ਤੇ ਖਾਪ ਪੰਚਾਇਤਾਂ ਦੀ ਡਿਊਟੀਆਂ ਲਾਈਆਂ ਗਈਆਂ ਹਨ। ਕਿਸਾਨ ਆਗੂ ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ 27 ਸਤੰਬਰ ਨੂੰ ਦੇਸ਼ ਭਰ ਵਿੱਚ ਕਰਫਿਊ ਵਰਗਾ ਮਾਹੌਲ ਰਹੇਗਾ। ਦੇਸ਼ ਦੇ ਸਾਰੇ ਰਾਸ਼ਟਰੀ ਰਾਜ ਮਾਰਗ ਤੇ ਰੇਲਵੇ ਟ੍ਰੈਕ ਪੂਰੀ ਤਰ੍ਹਾਂ ਬੰਦ ਰਹਿਣਗੇ। ਭਾਰਤ ਬੰਦ ਦਾ ਪ੍ਰਭਾਵ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲੇਗਾ।


ਪ੍ਰਗਟ ਸਿੰਘ ਨੇ ਕਿਹਾ ਕਿ ਮੁਜ਼ੱਫਰਨਗਰ ਮਹਾਪੰਚਾਇਤ ਤੇ ਕਰਨਾਲ ਪੰਚਾਇਤ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਸੀਂ ਸੈਮੀਫਾਈਨਲ ਜਿੱਤ ਚੁੱਕੇ ਹਾਂ। ਉਹ ਛੇਤੀ ਹੀ ਫਾਈਨਲ ਮੈਚ ਜਿੱਤ ਕੇ ਘਰ ਵੀ ਪਰਤਣਗੇ। ਦੱਸ ਦਈਏ ਕਿ 26 ਸਤੰਬਰ ਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਕਿਸਾਨ ਸੜਕ ਮੋਰਚੇ 'ਤੇ ਬੈਠ ਕੇ 10 ਮਹੀਨੇ ਪੂਰੇ ਕਰਨਗੇ ਪਰ ਪਿਛਲੇ 7 ਮਹੀਨਿਆਂ ਤੋਂ ਕਿਸਾਨਾਂ ਤੇ ਸਰਕਾਰ ਦਰਮਿਆਨ ਗੱਲਬਾਤ ਦਾ ਡੈੱਡਲਾਕ ਚੱਲ ਰਿਹਾ ਹੈ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਇਸ ਦੇ ਨਾਲ ਹੀ ਕਿਸਾਨ ਅੰਦੋਲਨ ਤੇਜ਼ ਕਰਨ ਦੀ ਗੱਲ ਵੀ ਕਰ ਰਹੇ ਹਨ।


ਇਹ ਵੀ ਪੜ੍ਹੋਹੈਰਾਨੀਜਨਕ! ਇੱਕ iPhone 'ਤੇ 60% ਤੋਂ ਵੱਧ ਕਮਾਉਂਦੀ Apple ਕੰਪਨੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904