ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ, ਭਾਰਤੀ ਜਨਸੰਘ ਦੇ ਮਰਹੂਮ ਨੇਤਾ ਨਾਨਾਜੀ ਦੇਸ਼ਮੁਖ ਤੇ ਮਰਹੂਮ ਗਾਇਕ ਭੂਪੇਨ ਹਜ਼ਾਰਿਕਾ ਨੂੰ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਨਾਲ ਨਿਵਾਜਿਆ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਰਾਸ਼ਟਰਪਤੀ ਭਵਨ ਵਿੱਚ ਕਰਵਾਏ ਸਮਾਗਮ ਦੌਰਾਨ ਆਪਣੇ ਸਾਬਕਾ ਹਮਰੁਤਬਾ ਤੇ ਹੋਰਨਾਂ ਦੇ ਵਾਰਸਾਂ ਨੂੰ ਸਨਮਾਨਤ ਕੀਤਾ।


ਹਾਜ਼ਰਿਕਾ ਲਈ ਦੇ ਪੁੱਤਰ ਤੇਜ ਅਤੇ ਦੇਸ਼ਮੁਖ ਦੇ ਨੇੜਲੇ ਰਿਸ਼ਤੇਦਾਰ ਵਿਰੇਂਦਰਜੀਤ ਸਿੰਘ ਨੇ ਪੁਰਸਕਾਰ ਪ੍ਰਾਪਤ ਕੀਤਾ। ਰਾਸ਼ਟਰਪਤੀ ਭਵਨ ਵਿੱਚ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿੱਚ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਮੇਤ ਉਨ੍ਹਾਂ ਦੀ ਕੈਬਨਿਟ ਦੇ ਕਈ ਮੈਂਬਰ ਹਾਜ਼ਰ ਸਨ।


ਦੱਸਣਯੋਗ ਹੈ ਕਿ ਭਾਰਤ ਰਤਨ ਦੀ ਸ਼ੁਰੂਆਤ 2 ਜਨਵਰੀ 1954 ਨੂੰ ਹੋਈ ਸੀ। ਕਲਾ, ਸਾਹਿਤ, ਵਿਗਿਆਨ, ਸਮਾਜ ਸੇਵਾ ਅਤੇ ਖੇਡਾਂ ਜਿਹੇ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲਿਆਂ ਨੂੰ ਸਨਮਾਨਤ ਕਰਨ ਲਈ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਪ੍ਰਦਾਨ ਕੀਤਾ ਜਾਂ ਦਾ ਹੈ। ਹੁਣ ਤਕ ਭਾਰਤ ਰਤਨ ਕੁੱਲ 48 ਹਸਤੀਆਂ ਨੂੰ ਮਿਲ ਚੁੱਕਾ ਹੈ।