ਨਵੀਂ ਦਿੱਲੀ: ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ। ਜਾਣਕਾਰੀ ਮੁਤਾਬਕ ਪੀਐਮ ਮੋਦੀ ਕੁਝ ਸਮੇਂ 'ਚ ਰਾਸ਼ਟਰਪਤੀ ਨਾਲ ਮੁਲਾਕਾਤ ਕਰ ਸਕਦੇ ਹਨ।
 
ਪੰਜਾਬ ਦੀ ਚੰਨੀ ਸਰਕਾਰ ਪੀਐਮ ਦੀ ਸੁਰੱਖਿਆ 'ਚ ਕੁਤਾਹੀ ਦੇ ਮੁੱਦੇ 'ਤੇ ਘਿਰੀ ਹੋਈ ਹੈ। ਹੁਣ ਚੰਨੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਵੀ ਬਣਾਈ ਹੈ। ਇਹ ਕਮੇਟੀ ਤਿੰਨ ਦਿਨਾਂ ਵਿੱਚ ਆਪਣੀ ਰਿਪੋਰਟ ਤਿਆਰ ਕਰੇਗੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕਮੇਟੀ ਵਿੱਚ ਸੇਵਾਮੁਕਤ ਜਸਟਿਸ ਮਹਿਤਾਬ ਸਿੰਘ ਗਿੱਲ ਅਤੇ ਪ੍ਰਮੁੱਖ ਸਕੱਤਰ (ਗ੍ਰਹਿ ਮਾਮਲੇ ਤੇ ਨਿਆਂ) ਅਨੁਰਾਗ ਵਰਮਾ ਸ਼ਾਮਲ ਹਨ।



ਸੁਪਰੀਮ ਕੋਰਟ ਪਹੁੰਚਿਆ ਮਾਮਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਹੁਣ ਸੁਪਰੀਮ ਕੋਰਟ 'ਚ ਪਹੁੰਚ ਗਿਆ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਨਵੀ ਰਮੰਨਾ ਦੇ ਸਾਹਮਣੇ ਪਟੀਸ਼ਨ ਫਾਈਲ ਕੀਤੀ ਗਈ ਹੈ। ਚੀਫ ਜਸਟਿਸ ਦੀ ਬੈਂਚ ਸ਼ੁੱਕਰਵਾਰ ਨੂੰ ਇਸ 'ਤੇ ਸੁਣਵਾਈ ਕਰਨ ਦਾ ਫੈਸਲਾ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਇਸ ਮਾਮਲੇ ਸਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ।  

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਜਿਹੀ ਸੁਰੱਖਿਆ 'ਚ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਟੀਸ਼ਨ ਵਿੱਚ ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਢੁੱਕਵੇਂ ਨਿਰਦੇਸ਼ ਦੇਣ, ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਕਿਹਾ ਗਿਆ ਹੈ ਕਿ ਭਵਿੱਖ ਵਿੱਚ ਅਜਿਹੀ ਕੁਤਾਹੀ ਨਹੀਂ ਹੋਵੇਗੀ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਫਿਰੋਜ਼ਪੁਰ ਵਿੱਚ ਪੀਐਮ ਮੋਦੀ ਦੀ ਰੈਲੀ ਹੋਣ ਵਾਲੀ ਸੀ। ਹਾਲਾਂਕਿ ਇਸ ਨੂੰ ਰੱਦ ਕਰਨਾ ਪਿਆ। ਪ੍ਰਧਾਨ ਮੰਤਰੀ ਰੈਲੀ ਵਾਲੀ ਥਾਂ 'ਤੇ ਨਹੀਂ ਪਹੁੰਚ ਸਕੇ। ਹਾਲਾਂਕਿ ਖ਼ਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਹੈਲੀਕਾਪਟਰ ਦੀ ਬਜਾਏ ਬਠਿੰਡਾ ਹਵਾਈ ਅੱਡੇ ਤੋਂ ਸੜਕੀ ਰਸਤੇ ਰਵਾਨਾ ਹੋਇਆ ਸੀ।
 
ਪੀਐਮ ਮੋਦੀ ਨੇ ਸਭ ਤੋਂ ਪਹਿਲਾਂ ਹੁਸੈਨੀਵਾਲਾ ਸਥਿਤ ਰਾਸ਼ਟਰੀ ਸ਼ਹੀਦ ਸਮਾਰਕ 'ਤੇ ਪਹੁੰਚਣਾ ਸੀ। ਹਾਲਾਂਕਿ ਕਰੀਬ 30 ਕਿਲੋਮੀਟਰ ਦੂਰ ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਇੱਕ ਫਲਾਈਓਵਰ 'ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਜਾਮ ਲਗਾ ਦਿੱਤਾ ਸੀ। ਜਿਸ ਕਰਕੇ ਪ੍ਰਧਾਨ ਮੰਤਰੀ 15-20 ਮਿੰਟ ਤੱਕ ਫਲਾਈਓਵਰ 'ਤੇ ਫਸੇ ਰਹੇ।



ਇਹ ਵੀ ਪੜ੍ਹੋ : Bulli Bai App Case : ਬੁੱਲੀ ਬਾਈ ਐਪ ਬਣਾਉਣ ਵਾਲੇ ਮੁੱਖ ਦੋਸ਼ੀ ਨੂੰ ਦਿੱਲੀ ਪੁਲਿਸ ਦੀ IFSO ਯੂਨਿਟ ਨੇ ਅਸਾਮ ਤੋਂ ਕੀਤਾ ਗ੍ਰਿਫਤਾਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id8111149