ਧੁਲੇ: ਭਾਰਤ-ਪਾਕਿ ਤਣਾਓ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਹ ਪੰਜ ਮਿੰਟ ਲਈ ਵੀ ਆਪਣਾ ਪ੍ਰਚਾਰ ਕਰਨਾ ਨਹੀਂ ਛੱਡ ਸਕਦੇ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਨੇ ਮੀਡੀਆ ਨੂੰ ਕਿਹਾ ਸੀ ਕਿ ਪੂਰਾ ਭਾਰਤ ਪੁਲਵਾਮਾ ਅੱਤਵਾਦੀ ਹਮਲੇ ਬਾਅਦ ਇੱਕਜੁਟ ਹੈ ਪਰ ਤੁਰੰਤ ਬਾਅਦ ਉਨ੍ਹਾਂ ਕਾਂਗਰਸ ਨੂੰ ਨਿਸ਼ਾਨਾ ਬਣਾਇਆ। ਉਹ ਪੰਜ ਮਿੰਟਾਂ ਲਈ ਵੀ ਆਪਣਾ ਪ੍ਰਚਾਰ ਨਹੀਂ ਛੱਡ ਸਕਦੇ ਅਤੇ ਉਨ੍ਹਾਂ ਤੇ ਸਾਡੇ ਵਿਚਾਲੇ ਇਹੀ ਫਰਕ ਹੈ। ਇਸ ਮੌਕੇ ਉਹ ਉੱਤਰ ਮਹਾਂਰਾਸ਼ਟਰ ਦੇ ਧੁਲੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ।

ਰਾਹੁਲ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ ਮੋਦੀ ਨੇ ਇਸ ਗੰਭੀਰ ਮੌਕੇ ਦਾ ਦੁਰਉਪਯੋਗ ਕੀਤਾ। ਰਾਸ਼ਟਰੀ ਸਮਰ ਸਮਾਰਕ ਦੇ ਉਦਘਾਟਨ ਮੌਕੇ ਵੀ ਉਨ੍ਹਾਂ ਆਪਣਾ ਪ੍ਰਚਾਰ ਕੀਤਾ। ਉਨ੍ਹਾਂ ਮੋਦੀ ਵੱਲੋਂ ਨੈਸ਼ਨਲ ਵਾਰ ਮੈਮੋਰੀਅਲ ਦੇ ਉਦਘਾਟਨ ਮੌਕੇ ਕਾਂਗਰਸ ’ਤੇ ਜ਼ੋਰਦਾਰ ਹਮਲੇ ਦਾ ਵੀ ਜ਼ਿਕਰ ਕੀਤਾ।

ਇਸੇ ਦੌਰਾਨ ਰਾਹੁਲ ਨੇ ਰਾਫੇਲ ਲੜਾਕੂ ਜਹਾਜ਼ ਸੌਦੇ ’ਤੇ ਅਨਿਲ ਅੰਬਾਨੀ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਇਸ ਉਦਯੋਗਪਤੀ ਨੇ ਕਦੀ ਕਾਗਜ਼ ਦਾ ਜਹਾਜ਼ ਨਹੀਂ ਬਣਾਇਆ। ਇਸੇ ਡੀਲ ਸਬੰਧੀ ਮੋਦੀ ਦੀ ਆਲੋਚਨਾ ਕਰਦਿਆਂ ਰਾਹੁਲ ਨੇ ਕਿਹਾ ਕਿ ਚੌਕੀਦਾਰ ਦੀ ਨਿਗਰਾਨੀ ਵਿੱਚ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ੍ਹ ਵਿੱਚ ਗਏ।