Chandrayaan-3 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 7.30 ਵਜੇ ਬੰਗਲੋਰ 'ਚ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ। ਇੱਥੇ ਉਹ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਗਰੁੱਪ ਫੋਟੋ ਵੀ ਖਿਚਵਾਈ ਹੈ।ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਸਰੋ ਕਮਾਂਡ ਸੈਂਟਰ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।ਚੰਦਰਯਾਨ 3 ਮਿਸ਼ਨ ਦੇ ਸਫਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।


ਇਸ ਤੋਂ ਪਹਿਲਾਂ ਮੋਦੀ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਗ੍ਰੀਸ ਤੋਂ ਸਿੱਧੇ ਬੰਗਲੋਰ ਪਹੁੰਚੇ ਸਨ। ਸਵੇਰੇ 6 ਵਜੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਨ੍ਹਾਂ 10 ਮਿੰਟ ਤੱਕ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਅਰਾ ਬੁਲੰਦ ਕੀਤਾ। ਇਸ ਵਿੱਚ ਉਨ੍ਹਾਂ ਨੇ ਜੈ ਅਨੁਸੰਧਾਨ ਦਾ ਨਾਅਰਾ ਵੀ ਲਗਾਇਆ। 


ਮੋਦੀ ਨੇ ਹਵਾਈ ਅੱਡੇ 'ਤੇ ਮੌਜੂਦ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਕਰੀਬ 5 ਮਿੰਟ ਤੱਕ ਲੋਕਾਂ ਦਾ ਸਵਾਗਤ ਕਰਦੇ ਰਹੇ। ਇੱਥੋਂ ਉਨ੍ਹਾਂ ਦਾ ਕਾਫਲਾ ਇਸਰੋ ਦੇ ਕਮਾਂਡ ਸੈਂਟਰ ਲਈ ਰਵਾਨਾ ਹੋਇਆ। ਹਵਾਈ ਅੱਡੇ ਤੋਂ ਕੇਂਦਰ ਦੀ ਦੂਰੀ 30 ਕਿਲੋਮੀਟਰ ਹੈ। ਇਸ ਦੌਰਾਨ ਉਨ੍ਹਾਂ ਨੇ ਰੋਡ ਸ਼ੋਅ ਵੀ ਕੀਤਾ। ਸੜਕ ਦੇ ਦੋਵੇਂ ਪਾਸੇ ਹਜ਼ਾਰਾਂ ਲੋਕ ਖੜ੍ਹੇ ਸਨ। ਇਸ ਦੌਰਾਨ ਮੋਦੀ ਕਾਰ ਦੇ ਦਰਵਾਜ਼ੇ ਕੋਲ ਖੜ੍ਹੇ ਹੋ ਕੇ ਲੋਕਾਂ ਦਾ ਸਵਾਗਤ ਕਰਦੇ ਨਜ਼ਰ ਆਏ। 


ਪੀਐਮ ਮੋਦੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਦੇਸ਼ ਦੇ ਵਿਗਿਆਨੀ ਦੇਸ਼ ਨੂੰ ਇੰਨਾ ਵੱਡਾ ਤੋਹਫਾ ਦਿੰਦੇ ਹਨ, ਇੰਨੀ ਵੱਡੀ ਉਪਲਬਧੀ ਹਾਸਲ ਕਰਦੇ ਹਨ, ਤਾਂ ਇਹ ਦ੍ਰਿਸ਼ ਜੋ ਮੈਂ ਬੰਗਲੋਰ ਵਿੱਚ ਦੇਖ ਰਿਹਾ ਹਾਂ, ਮੈਂ ਯੂਨਾਨ ਵਿੱਚ ਵੀ ਉਹੀ ਨਜ਼ਾਰਾ ਦੇਖਿਆ। ਦੁਨੀਆ ਦੇ ਹਰ ਕੋਨੇ ਵਿੱਚ ਨਾ ਸਿਰਫ਼ ਭਾਰਤੀ, ਸਗੋਂ ਵਿਗਿਆਨ ਵਿੱਚ ਵਿਸ਼ਵਾਸ ਰੱਖਣ ਵਾਲੇ, ਭਵਿੱਖ ਨੂੰ ਵੇਖਣ ਵਾਲੇ, ਮਨੁੱਖਤਾ ਨੂੰ ਸਮਰਪਿਤ ਹੋਣ ਵਾਲੇ ਲੋਕ ਅਜਿਹੇ ਜੋਸ਼ ਅਤੇ ਉਤਸ਼ਾਹ ਨਾਲ ਭਰੇ ਹੋਏ ਹਨ। 


 ਵਿਗਿਆਨੀ ਸਵੇਰੇ 4:30 ਵਜੇ ਤੋਂ ਹੀ ਬੰਗਲੋਰ ਵਿੱਚ ਇਸਰੋ ਟੈਲੀਮੈਟਰੀ ਟ੍ਰੈਕਿੰਗ ਅਤੇ ਕਮਾਂਡ ਨੈਟਵਰਕ ਮਿਸ਼ਨ ਕੰਟਰੋਲ ਕੰਪਲੈਕਸ (ISTRAC) ਦੇ ਬਾਹਰ ਖੜ੍ਹੇ ਹਨ ਅਤੇ ਪੀਐਮ ਮੋਦੀ ਦੀ ਉਡੀਕ ਕਰ ਰਹੇ ਹਨ। ਇੱਥੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹਨ। 


ਪੀਐਮ ਮੋਦੀ ਸ਼ਨੀਵਾਰ ਸਵੇਰੇ ਗ੍ਰੀਸ ਤੋਂ ਸਿੱਧੇ ਬੰਗਲੋਰ ਦੇ ਐਚਏਐਲ ਏਅਰਪੋਰਟ ਪਹੁੰਚੇ। ਉਹ ਲਗਭਗ ਇੱਕ ਘੰਟੇ ਲਈ ISTRAC ਵਿੱਚ ਰਹਿਣਗੇ। ਭਾਜਪਾ ਸੂਤਰਾਂ ਮੁਤਾਬਕ ਪਾਰਟੀ ਆਗੂ ਤੇ ਵਰਕਰ ਦੋ ਥਾਵਾਂ 'ਤੇ ਮੋਦੀ ਦਾ ਸਵਾਗਤ ਕਰਨਗੇ। HAL ਹਵਾਈ ਅੱਡੇ ਦੇ ਬਾਹਰ ਅਤੇ ਜਲਹਾਲੀ ਕਰਾਸ, ਜੋ ਕਿ ISTRAC ਦੇ ਨੇੜੇ ਹੈ।