ਨਵੀਂ ਦਿੱਲੀ: ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਤਿੱਖੇ ਸੁਰ ਵਿੱਚ ਭਾਸ਼ਣ ਦੇਣਾ ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ (mahua moitra) ਨੂੰ ਭਾਰੀ ਪੈ ਸਕਦਾ ਹੈ।ਭਾਜਪਾ ਦੇ ਦੋ ਸੰਸਦ ਮੈਂਬਰਾਂ ਨੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਖ਼ਿਲਾਫ਼ ਮੋਇਤਰਾ ਵੱਲੋਂ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਨੋਟਿਸ ਦਿੱਤਾ ਹੈ।


ਲੋਕ ਸਭਾ ਸਕੱਤਰੇਤ ਦੇ ਸੂਤਰਾਂ ਅਨੁਸਾਰ ਸਾਬਕਾ ਕਾਨੂੰਨ ਰਾਜ ਮੰਤਰੀ ਪੀਪੀ ਚੌਧਰੀ ਅਤੇ ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਇਸ ਮਾਮਲੇ ‘ਤੇ ਸੰਸਦ ਮੈਂਬਰ ਮੋਇਤਰਾ ਦੀ ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਤੋਂ ਮੈਂਬਰਸ਼ਿਪ ਖਤਮ ਕਰਨ ਦੀ ਮੰਗ ਕੀਤੀ ਹੈ। ਲੋਕ ਸਭਾ ਸਪੀਕਰ ਨੂੰ ਮਾਮਲੇ ਦਾ ਨੋਟਿਸ ਦੇਣ ਵਾਲੇ ਸੰਸਦ ਮੈਂਬਰਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਟੀਐਮਸੀ ਸੰਸਦ ਨੇ ਨਾ ਸਿਰਫ ਸੰਵਿਧਾਨ ਦੀਆਂ ਸੀਮਾਵਾਂ ਅਤੇ ਲੋਕ ਸਭਾ ਦੇ ਕੰਮਕਾਜ ਦੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ ਬਲਕਿ ਸਦਨ ਦੀ ਕਾਰਵਾਈ ਤੋਂ ਬਾਹਰ ਕੀਤੇ ਜਾਣ ਦੇ ਬਾਵਜੂਦ, ਮਹੂਆ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਬਿਆਨ ਦੁਹਰਾ ਰਹੀ ਹੈ।


ਸਾਬਕਾ ਕਾਨੂੰਨ ਰਾਜ ਰਾਜ ਮੰਤਰੀ ਪੀਪੀ ਚੌਧਰੀ ਨੇ ਆਪਣੇ ਨੋਟਿਸ 'ਚ ਕਿਹਾ ਹੈ ਕਿ ਸੰਵਿਧਾਨ ਦਾ ਆਰਟੀਕਲ 121 ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜਾਂ ਦੇ ਕੰਮਕਾਜ ਅਤੇ ਫੈਸਲਿਆਂ ਬਾਰੇ ਸਦਨ ਵਿੱਚ ਵਿਚਾਰ ਵਟਾਂਦਰੇ ਤੋਂ ਵਰਜਦਾ ਹੈ। ਅਜਿਹੀ ਸਥਿਤੀ ਵਿੱਚ, ਮਹੂਆ ਨੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਲਈ ਸਦਨ ਵਿੱਚ ਇਤਰਾਜ਼ਯੋਗ ਟਿੱਪਣੀਆਂ ਕਰਦਿਆਂ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਕੀਤੀ ਹੈ।


ਦਰਅਸਲ, ਮਹੂਆ ਨੇ ਲੋਕਾ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਤੇ ਹੋਏ ਜਿਨਸੀ ਸ਼ੋਸ਼ਣ ਦੇ ਮਾਮਲੇ ਦਾ ਜ਼ਿਕਰ ਕੀਤਾ ਸੀ।ਜਿਸ ਮਗਰੋਂ ਬੀਜੇਪੀ ਲੀਡਰ ਭੜਕ ਗਏ ਅਤੇ ਮਹੂਆ ਦਾ ਵਿਰੋਧ ਕਰਨ ਲਗੇ।ਜਦਕਿ ਮਹੂਆ ਮੁਤਾਬਿਕ ਰੰਜਨ ਗੋਗੋਈ ਹੁਣ ਸਾਬਕਾ ਚੀਫ ਜਸਟਿਸ ਇਸ ਲਈ ਉਸਨੇ ਇਹ ਜ਼ਿਕਰ ਕੀਤਾ ਹੈ ਅਤੇ ਉਸਨੇ ਲੋਕ ਸਭਾ ਵਿੱਚ ਕਿਸੇ ਦਾ ਨਾਮ ਨਹੀਂ ਲਿਆ।