ਲਖਨਊ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਕਾਫਲੇ ਨਾਲ ਹਾਦਸਾ ਹੋਇਆ ਹੈ। ਯੂਪੀ 'ਚ ਹਾਪੁੜ ਰੋਡ 'ਤੇ ਪ੍ਰਿਯੰਕਾ ਗਾਂਧੀ ਦੇ ਕਾਫਲੇ 'ਚ ਸ਼ਾਮਲ ਚਾਰ ਵਾਹਨਾਂ ਆਪਸ 'ਚ ਟਕਰਾ ਗਏ। ਗਨੀਮਤ ਰਹੀ ਕਿ ਇਸ ਹਾਦਸੇ 'ਚ ਕਿਸੇ ਨੂੰ ਸੱਟ ਨਹੀਂ ਲੱਗੀ। ਦੱਸਿਆ ਜਾ ਰਿਹਾ ਕਿ ਕਾਫਲੇ 'ਚ ਸ਼ਾਮਲ ਅਗਲੀ ਕਾਰ ਦੇ ਡ੍ਰਾਈਵਰ ਨੇ ਅਚਾਨਕ ਬ੍ਰੇਕ ਮਾਰ ਦਿੱਤੀ। ਇਸ ਤੋਂ ਬਾਅਦ ਪਿੱਛੇ ਚੱਲ ਰਹੀਆਂ ਕਾਰਾਂ ਦੀ ਟੱਕਰ ਹੋ ਗਈ।
ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪ੍ਰਿਯੰਕਾ ਗਾਂਧੀ ਟ੍ਰੈਕਟਰ ਰੈਲੀ 'ਚ ਜਾਨ ਗਵਾਉਣ ਵਾਲੇ ਨਵਰੀਤ ਸਿੰਘ ਦੇ ਪਰਿਵਾਰ ਨੂੰ ਮਿਲਣ ਰਾਮਪੁਰ ਜਾ ਰਹੀ ਸੀ। ਅੱਜ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਹੈ। ਪ੍ਰਿਯੰਕਾ ਗਾਂਧੀ ਇਸ ਸਮਾਗਮ 'ਚ ਹਿੱਸਾ ਲਵੇਗੀ ਤੇ ਪਰਿਵਾਰ ਨੂੰ ਹੌਸਲਾ ਦੇਵੇਗੀ। ਪ੍ਰਿਯੰਕਾ ਦੇ ਕਾਫਲੇ 'ਚ ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੇ ਕੁਮਾਰ ਲੱਲੂ ਸਿੰਘ ਵੀ ਮੌਜੂਦ ਹਨ। ਪ੍ਰਿਯੰਕਾ ਗਾਂਧੀ ਦੇ ਇਸ ਕਾਫਲੇ 'ਚ ਸਮਰਥਕਾਂ ਦਾ ਹਜੂਮ ਵੀ ਹੈ। NH-24 ਰਾਹੀਂ ਪ੍ਰਿਯੰਕਾ ਗਾਂਧੀ ਰਾਮਪੁਰ ਜਾ ਰਹੀ ਸੀ।
ਟ੍ਰੈਕਟਰ ਪਲਟਣ ਨਾਲ ਹੋਈ ਸੀ ਮੌਤ
ਨਵਰੀਤ ਸਿੰਘ ਦੀ ਮੌਤ ਦਿੱਲੀ 'ਚ ਟ੍ਰੈਕਟਰ ਰੈਲੀ ਦੌਰਾਨ ਹੋਈ ਸੀ। ਨਵਰੀਤ ਦਾ ਟ੍ਰੈਕਟਰ ਦਿੱਲੀ ਪੁਲਿਸ ਦੇ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਸੀ। ਟ੍ਰੈਕਟਰ ਹਾਦਸੇ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ। ਵੀਡੀਓ 'ਚ ਦੇਖਿਆ ਗਿਆ ਕਿ ਆਈਟੀਓ ਦੇ ਕੋਲ ਪੁਲਿਸ ਬੈਰੀਕੇਡ ਨੂੰ ਤੋੜਨ ਦੀ ਕੋਸ਼ਿਸ਼ 'ਚ ਤੇਜ਼ ਰਫ਼ਤਾਰ ਟ੍ਰੈਕਟਰ ਪਲਟ ਗਿਆ। ਨਵਰੀਤ ਇਸ ਟ੍ਰੈਕਟਰ ਨੂੰ ਖੁਦ ਚਲਾ ਰਹੇ ਸਨ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਨਵਰੀਤ ਸਿੰਘ ਦੀ ਮੌਤ ਦੁਰਘਟਨਾ ਕਾਰਨ ਹੋਈ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ