ਬਠਿੰਡਾ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਲੋਕ ਸਭਾ ਹਲਕਾ ਬਠਿੰਡਾ ਵਿੱਚ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਚੋਣ ਪ੍ਰਚਾਰ ਲਈ ਰੈਲੀ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਤੋਂ ਕੀਤੀ। ਪ੍ਰਿਅੰਕਾ ਨੇ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ ਗੱਲ ਕੀਤੀ। ਇਨ੍ਹਾਂ ਵਿੱਚ ਕਰਜ਼ਾ, ਕਿਸਾਨ ਖ਼ੁਦਕੁਸ਼ੀਆਂ, ਬੇਅਦਬੀ ਕਾਂਡ, ਨਸ਼ੇ ਤੇ ਮਾਫੀਆ ਸ਼ਾਮਲ ਸਨ। ਪ੍ਰਿਅੰਕਾ ਨੇ ਕਿਹਾ ਕਿ ਕਰਜ਼ੇ ਕਰਕੇ 12 ਹਜ਼ਾਰ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ। ਕਿਸਾਨਾਂ ਨੂੰ ਖਾਦ, ਬੀਜ ਤੇ ਫਸਲ ਦਾ ਮੁੱਲ ਨਹੀਂ ਮਿਲ ਰਿਹਾ। ਦੇਸ਼ ਭਰ ਦੇ ਕਿਸਾਨ ਪੀਐਮ ਨੂੰ ਮਿਲਣ ਦਿੱਲੀ ਪਹੁੰਚੇ, ਪੀਐਮ ਵਿਦੇਸ਼ ਘੁੰਮ ਆਏ ਪਰ ਦੇਸ਼ ਦੇ ਕਿਸਾਨਾਂ ਨੂੰ ਨਹੀਂ ਮਿਲੇ।


ਪ੍ਰਿਅੰਕਾ ਨੇ ਕਿਹਾ ਕਿ ਜਦੋਂ ਪੂਰਾ ਪੰਜਾਬ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ ਤਾਂ ਆਰਐਸਐਸ ਦੇ ਲੋਕ ਅੰਗਰੇਜ਼ਾਂ ਦੀ ਚਮਚਾਗਿਰੀ ਕਰ ਰਹੇ ਸੀ। ਪੰਜਾਬ ਨਾ ਹਿੰਦੂ ਹੈ ਤੇ ਨਾ ਹੀ ਮੁਸਲਮਾਨ ਹੈ। ਪੰਜਾਬ ਹਮੇਸ਼ਾ ਗੁਰੂਆਂ ਦੇ ਨਾਂ ਦਾ ਹੈ। ਉਨ੍ਹਾਂ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਤੋਂ ਵੱਖਰਿਆਂ ਕੀਤਾ ਤਾਂ ਪੰਜਾਬ ਦੀ ਆਤਮਾ ਚਲੀ ਜਾਏਗੀ। ਇੱਥੇ ਉਨ੍ਹਾਂ ਬੇਅਦਬੀ ਦੇ ਮੁੱਦੇ ਬਾਰੇ ਵੀ ਗੱਲ ਕੀਤੀ। ਉਨ੍ਹਾਂ ਬੀਜੇਪੀ ਸਰਕਾਰ 'ਤੇ ਕਈ ਵਾਰ ਕੀਤੇ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਝੂਠ ਦੀ ਸਿਆਸਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਖ਼ੁਦ ਨੂੰ ਰਾਸ਼ਟਰਵਾਦੀ ਤੇ ਹੋਰਾਂ ਨੂੰ ਦੇਸ਼ਧ੍ਰੋਹੀ ਆਖਦੇ ਹਨ। ਪ੍ਰਿਅੰਕਾ ਨੇ ਕਿਹਾ ਕਿ ਮੋਦੀ ਦੇ ਝੂਠ ਦੇਸ਼ ਦੇ ਸਾਹਮਣੇ ਆ ਰਹੇ ਹਨ।

ਇਸ ਦੇ ਨਾਲ ਹੀ ਪ੍ਰਿਅੰਕਾ ਨੇ ਕਾਂਗਰਸ ਵੱਲੋਂ ਕਈ ਵਾਅਦਿਆਂ ਦੀ ਲਿਸਟ ਗਿਣਾਈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੀ ਸਰਕਾਰ ਆਈ ਤਾਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਾਰੋਬਾਰ ਸ਼ੁਰੂ ਕਰਨ ਲਈ ਤਿੰਨ ਸਾਲ ਮਨਜ਼ੂਰੀ ਦੀ ਲੋੜ ਨਹੀਂ ਪਏਗੀ। ਛੋਟੇ ਦੁਕਾਨਦਾਰਾਂ ਲਈ GST ਨੂੰ ਸਰਲ ਬਣਾਇਆ ਜਾਏਗਾ। ਮਹਿਲਾਵਾਂ ਲਈ ਸੰਸਦ ਵਿੱਚ 33 ਫੀਸਦੀ ਰਾਖਵਾਂਕਰਨ ਹੋਏਗਾ। ਇਸ ਤੋਂ ਇਲਾਵਾ ਬੱਚਿਆਂ ਨੂੰ 12ਵੀਂ ਤਕ ਮੁਫ਼ਤ ਸਿੱਖਿਆ ਤੇ ਕਿਸਾਨਾਂ ਲਈ ਵੱਖਰੇ ਬਜਟ ਦਾ ਵਾਅਦਾ ਵੀ ਯਾਦ ਕਰਵਾਇਆ।

ਪ੍ਰਿਅੰਕਾ ਦੀ ਪੰਜਾਬ ਵਿੱਚ ਇਹ ਪਹਿਲੀ ਰੈਲੀ ਸੀ। ਪੰਜਾਬ ਪਹੁੰਚਣ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਤੇ ਕਾਂਗਰਸ ਦੇ ਹੋਰ ਮੰਤਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਾਂਗਰਸ ਦੀ ਪੰਜਾਬ ਵਿਚਲੀ ਇਸ ਰੈਲੀ ਵਿੱਚ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋਏ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਸਹੁੰ ਖਾਧੀ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਤੇ ਨਸ਼ੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣਗੇ, ਨਹੀਂ ਤਾਂ ਸਿਆਸਤ ਛੱਡ ਦੇਣਗੇ।