Priyanka Gandhi Detained : ਕਾਂਗਰਸ ਨੇ ਈਡੀ ਦੀ ਕਾਰਵਾਈ ਦਰਮਿਆਨ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਖਿਲਾਫ਼ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ ਹੈ। ਰਾਜਧਾਨੀ ਦਿੱਲੀ ਵਿੱਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਮੋਰਚਾ ਸੰਭਾਲਿਆ ਅਤੇ ਪਾਰਟੀ ਆਗੂਆਂ ਦੀ ਅਗਵਾਈ ਕੀਤੀ। ਇਸ ਦੌਰਾਨ ਦੋਵਾਂ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕੇਂਦਰ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪ੍ਰਿਯੰਕਾ ਗਾਂਧੀ ਨੇ ਕਿਹਾ, ਸਰਕਾਰ ਦੇ ਲੋਕ ਹੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮਹਿੰਗਾਈ ਦਿਖ ਨਹੀਂ ਰਹੀ। ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਜਦੋਂ ਅਸੀਂ ਮਹਿੰਗਾਈ ਦਿਖਾਉਣ ਜਾਂਦੇ ਹਾਂ ਤਾਂ ਸਾਨੂੰ ਰੋਕਿਆ ਜਾਂਦਾ ਹੈ। ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਪ੍ਰਿਯੰਕਾ ਨੇ ਕਿਹਾ ਕਿ ਦੇਸ਼ ਦੇ ਪੀਐਮ ਨੇ ਭਾਰਤ ਦੀ ਜਾਇਦਾਦ ਆਪਣੇ ਦੋਸਤਾਂ ਨੂੰ ਵੇਚ ਦਿੱਤੀ ਹੈ।  ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਇਨ੍ਹਾਂ (ਕੇਂਦਰ ਸਰਕਾਰ) ਨੂੰ ਲੱਗਦਾ   ਕਿ ਵਿਰੋਧੀ ਧਿਰ ਵਿੱਚ ਜੋ ਵੀ ਹਨ ਉਨ੍ਹਾਂ ਨੂੰ ਦਬਾ ਸਕਦੇ ਹਾਂ। ਉਨ੍ਹਾਂ ਨੂੰ ਲੱਗਦਾ ਹੈ ਕਿ ਆਪਣੀ ਫੌਜ ਦਿਖਾ ਕੇ ਸਮਝੌਤਾ ਕਰ ਲਵਾਂਗੇ... ਉਨ੍ਹਾਂ ਦੇ ਮੰਤਰੀ ਕਹਿੰਦੇ ਹਨ ਕਿ ਮਹਿੰਗਾਈ ਨਹੀਂ ਹੈ। ਅਸੀਂ ਪ੍ਰਧਾਨ ਮੰਤਰੀ  ਰਿਹਾਇਸ਼ 'ਤੇ ਜਾ ਕੇ ਮਹਿੰਗਾਈ ਦਿਖਾਉਣਾ ਚਾਹੁੰਦੇ ਹਾਂ।

  ਸੜਕ 'ਤੇ ਉਤਰੀ ਪ੍ਰਿਯੰਕਾ



ਪ੍ਰਿਯੰਕਾ ਗਾਂਧੀ ਆਪਣੇ ਸਾਰੇ ਨੇਤਾਵਾਂ ਨਾਲ ਮਹਿੰਗਾਈ ਦੇ ਖਿਲਾਫ ਸੜਕਾਂ 'ਤੇ ਉਤਰੀ ਸੀ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਵੇਗੀ। ਇਸ ਤੋਂ ਬਾਅਦ ਜਿਵੇਂ ਹੀ  ਪ੍ਰਿਯੰਕਾ ਪਾਰਟੀ ਹੈੱਡਕੁਆਰਟਰ ਤੋਂ ਬਾਹਰ ਆਈ ਤਾਂ ਪੁਲਸ ਨੇ ਉਸ ਨੂੰ ਉੱਥੇ ਹੀ ਰੋਕ ਲਿਆ। ਪ੍ਰਿਯੰਕਾ ਨੇ ਬੈਰੀਕੇਡਿੰਗ 'ਤੇ ਚੜ੍ਹ ਕੇ ਪਹਿਲਾਂ ਸੁਰੱਖਿਆ ਘੇਰਾ ਤਾਂ ਤੋੜ ਦਿੱਤਾ ਪਰ ਉਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ।  ਪ੍ਰਿਯੰਕਾ ਉੱਥੇ ਹੀ ਸੜਕ 'ਤੇ ਬੈਠ ਕੇ ਧਰਨਾ ਦੇਣ ਲੱਗੀ। ਇਸ ਤੋਂ ਥੋੜ੍ਹੀ ਦੇਰ ਬਾਅਦ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਉਥੋਂ ਹਿਰਾਸਤ ਵਿੱਚ ਲੈ ਲਿਆ ਅਤੇ ਪੁਲਿਸ ਦੀ ਕਾਰ ਵਿੱਚ ਬਿਠਾ ਕੇ ਲੈ ਗਏ।

ਰਾਹੁਲ ਗਾਂਧੀ ਦਾ ਸਰਕਾਰ 'ਤੇ ਹਮਲਾ


ਦੱਸ ਦੇਈਏ ਕਿ ਕਾਂਗਰਸ ਨੇ 5 ਅਗਸਤ ਨੂੰ ਮਹਿੰਗਾਈ, ਬੇਰੁਜ਼ਗਾਰੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ 'ਚ ਉਨ੍ਹਾਂ ਨੇ ਕੇਂਦਰ 'ਤੇ ਜਮ ਕੇ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਲੋਕਤੰਤਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਨਹੀਂ ਹੋਣ ਦਿੱਤੀ ਜਾ ਰਹੀ ਹੈ। ਅੱਜ ਦੇਸ਼ ਵਿੱਚ ਚਾਰ ਲੋਕਾਂ ਦੀ ਤਾਨਾਸ਼ਾਹੀ ਚੱਲ ਰਹੀ ਹੈ।

ਇਸ ਤੋਂ ਬਾਅਦ ਕਾਂਗਰਸ ਦਾ ਪ੍ਰਦਰਸ਼ਨ ਸ਼ੁਰੂ ਹੋ ਗਿਆ। ਸੋਨੀਆ ਗਾਂਧੀ, ਰਾਹੁਲ ਗਾਂਧੀ ਸਮੇਤ ਸਾਰੇ ਕਾਂਗਰਸੀ ਸੰਸਦ ਮੈਂਬਰ ਸੰਸਦ ਭਵਨ ਤੋਂ ਰਾਸ਼ਟਰਪਤੀ ਭਵਨ ਵੱਲ ਨਿਕਲੇ। ਇਸ ਦੌਰਾਨ ਸਾਰਿਆਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਹਾਲਾਂਕਿ ਵਿਜੇ ਚੌਕ ਤੋਂ ਪਹਿਲਾਂ ਹੀ ਸਾਰਿਆਂ ਨੂੰ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ।