ਚੰਡੀਗੜ੍ਹ : ਮੰਡੀ ਜ਼ਿਲ੍ਹੇ ਦੇ ਸੱਤ ਮੀਲ ਨੇੜੇ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ-21 ਨੂੰ ਬੰਦ ਕਰ ਦਿੱਤਾ ਗਿਆ ਹੈ। ਪਹਾੜੀ ਤੋਂ ਮਲਬਾ ਡਿੱਗਣ ਦੀ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ। ਜਿਸ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਹ ਮੰਜ਼ਰ ਕਿੰਨਾ ਡਰਾਉਣਾ ਸੀ। ਪਹਾੜੀ ਤੋਂ ਇਹ ਮਲਬਾ ਅੱਜ ਸਵੇਰੇ 7.30 ਵਜੇ ਡਿੱਗਿਆ। ਉਦੋਂ ਤੋਂ ਨੈਸ਼ਨਲ ਹਾਈਵੇਅ ਨੂੰ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।


ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਚੰਡੀਗੜ੍ਹ ਤੋਂ ਕੁੱਲੂ-ਮਨਾਲੀ ਜਾਣ ਵਾਲੇ ਛੋਟੇ ਵਾਹਨਾਂ ਨੂੰ ਕਟੌਲਾ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਕੁੱਲੂ-ਮਨਾਲੀ ਤੋਂ ਆਉਣ ਵਾਲੇ ਛੋਟੇ ਵਾਹਨਾਂ ਨੂੰ ਪੰਡੋਹ ਤੋਂ ਗੋਹਰ-ਚਲਚੌਂਕ ਰਾਹੀਂ ਭੇਜਿਆ ਜਾ ਰਿਹਾ ਹੈ। ਏ.ਐਸ.ਪੀ ਮੰਡੀ ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ, ਪਰ ਮਲਬਾ ਲਗਾਤਾਰ ਪਹਾੜੀ ਤੋਂ ਡਿੱਗ ਰਿਹਾ ਹੈ।

ਜਿਸ ਕਾਰਨ ਸੜਕ ਨੂੰ ਬਹਾਲ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਦੁਪਹਿਰ ਤੱਕ ਸੜਕ ਆਵਾਜਾਈ ਲਈ ਪੂਰੀ ਤਰ੍ਹਾਂ ਬਹਾਲ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਚਾਰ ਮਾਰਗੀ ਬਣਾਉਣ ਲਈ ਪਹਾੜਾਂ ਨੂੰ ਕੱਟਣ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਪਹਾੜੀ ਤੋਂ ਮਲਬਾ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।