ਅੰਬਾਲਾ ਵਿੱਚ ਕਾਂਗਰਸ ਦੀ ਉਮੀਦਵਾਰ ਕੁਮਾਰੀ ਸ਼ੈਲਜਾ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੀ ਪ੍ਰਿਅੰਕਾ ਗਾਂਧੀ ਨੇ ਆਪਣੇ ਪਿਤਾ ਨੂੰ ਭ੍ਰਿਸ਼ਟਾਚਾਰੀ ਕਹੇ ਜਾਣ 'ਤੇ ਬੋਲਿਆ ਕਿ ਇੱਕ ਵਾਰ ਮਹਾਤਮਾ ਬੁੱਧ ਨੂੰ ਕੋਈ ਵਿਅਕਤੀ ਦਿਲ ਖੋਲ੍ਹ ਦੇ ਗਾਲ਼ਾਂ ਕੱਢਦਾ ਹੈ ਤਾਂ ਉਹ ਕਹਿੰਦੇ ਹਨ ਕਿ ਇਹ ਗਾਲ਼ਾਂ ਤੇ ਗੁੱਸਾ ਤੁਹਾਡੇ ਅੰਦਰੋਂ ਆਇਆ ਹੈ, ਮੇਰੇ ਨਹੀਂ, ਇਸ ਲਈ ਇਸ ਨੂੰ ਤੁਸੀਂ ਹੀ ਰੱਖੋ। ਉਨ੍ਹਾਂ ਕਿਹਾ ਕਿ ਮੇਰਾ ਵੀ ਨਰੇਂਦਰ ਮੋਦੀ ਨੂੰ ਇਹੋ ਜਵਾਬ ਹੈ। ਉਨ੍ਹਾਂ ਰੈਲੀ ਵਿੱਚ ਮੌਜੂਦ ਲੋਕਾਂ ਤੋਂ ਰੁਜ਼ਗਾਰ ਬਾਰੇ ਪ੍ਰਤੀਕਿਰਿਆ ਲੈ ਕੇ ਭਾਜਪਾ ਦੀ ਨੋਟਬੰਦੀ ਤੇ ਜੀਐਸਟੀ 'ਤੇ ਨਿਸ਼ਾਨੇ ਲਾਏ।
ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਦੁਰਦਸ਼ਾ ਭਾਜਪਾ ਸਰਕਾਰ ਨੇ ਕੀਤੀ ਹੈ, ਹਰ ਸੂਬੇ ਵਿੱਚੋਂ ਕਿਸਾਨ ਚੱਲ ਕੇ ਦਿੱਲੀ ਪਹੁੰਚੇ ਪਰ ਪ੍ਰਧਾਨ ਮੰਤਰੀ ਨੇ ਕਿਸੇ ਦੀ ਗੱਲ ਨਾ ਸੁਣੀ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਦੇ ਮੁੱਦਿਆਂ ਬਾਰੇ ਤਾਂ ਗੱਲ ਹੀ ਨਹੀਂ ਕਰਦੀ, ਦੁਰਯੋਧਨ ਵਿੱਚ ਵੀ ਇੰਨਾ ਹੀ ਹੰਕਾਰ ਭਰਿਆ ਹੋਇਆ ਸੀ।
ਭਾਜਪਾ ਦੇ 15-15 ਲੱਖ ਖਾਤਿਆਂ ਵਿੱਚ ਆਉਣ ਦੇ ਬਿਆਨ 'ਤੇ ਉਨ੍ਹਾਂ ਆਪਣੀ ਰੈਲੀ ਵਿੱਚ ਐਲਾਨ ਕੀਤਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਆਉਣ 'ਤੇ 72,000 ਤੁਹਾਡੇ ਖਾਤਿਆਂ ਵਿੱਚ ਆਵੇਗਾ। ਉਨ੍ਹਾਂ ਕਿਹਾ ਕਿ ਕਰਜ਼ ਵਾਪਸ ਨਾ ਕਰਨ ਦੀ ਸੂਰਤ ਵਿੱਚ ਕਿਸਾਨਾਂ ਨੂੰ ਜੇਲ੍ਹ ਵਿੱਚ ਨਹੀਂ ਡੱਕਿਆ ਜਾ ਸਕੇਗਾ। ਪ੍ਰਿਅੰਕਾ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ 24 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪ੍ਰਿਅੰਕਾ ਨੇ ਵਾਅਦਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੁਖਾਲਾ ਜੀਐਸਟੀ ਲੈ ਕੇ ਆਵੇਗੀ।