ਲਖਨਊ: ਪ੍ਰਿਅੰਕਾ ਗਾਂਧੀ ਵਾਡਰਾ ਨੇ ਯੂ.ਪੀ. ਵਿੱਚ ਕਾਂਗਰਸ ਦੀ ਬੇੜੀ ਪਾਰ ਲਾਉਣ ਦੀ ਹਾਮੀ ਭਰ ਦਿੱਤੀ ਹੈ। ਯੂ.ਪੀ. ਕਾਂਗਰਸ ਮੁਖੀ ਰਾਜ ਬੱਬਰ ਨੇ ਸ਼ੁੱਕਰਵਾਰ ਨੂੰ ਇਸ ਗੱਲ ਦਾ ਖ਼ੁਲਾਸਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜ ਬੱਬਰ ਨੇ ਆਖਿਆ ਕਿ ਪਾਰਟੀ ਲਈ ਯੂ.ਪੀ. ਵਿੱਚ ਪ੍ਰਚਾਰ ਕਰਨ ਲਈ ਪ੍ਰਿਅੰਕਾ ਗਾਂਧੀ ਨੇ ਹਾਮੀ ਭਰ ਦਿੱਤੀ ਹੈ।
ਰਾਜ ਬੱਬਰ ਦੇ ਇਸ ਬਿਆਨ ਤੋਂ ਬਾਅਦ ਯੂ.ਪੀ. ਵਿੱਚ ਕਾਂਗਰਸ ਵਰਕਰ ਸਰਗਰਮ ਹੋ ਗਏ ਹਨ। ਸੂਤਰਾਂ ਅਨੁਸਾਰ ਪ੍ਰਿਅੰਕਾ ਗਾਂਧੀ ਦੇ ਪ੍ਰਚਾਰ ਲਈ ਪਾਰਟੀ ਨੇ ਖ਼ਾਕਾ ਤਿਆਰ ਕਰ ਲਿਆ ਹੈ। ਅਸਲ ਵਿੱਚ ਨੋਟਬੰਦੀ ਦੇ ਕਾਰਨ ਯੂ.ਪੀ. ਵਿੱਚ ਕਾਂਗਰਸ ਦੇ ਪ੍ਰਚਾਰ ਨੂੰ ਕਾਫ਼ੀ ਧੱਕਾ ਲੱਗਾ ਸੀ ਪਰ ਹੁਣ ਪ੍ਰਿਅੰਕਾ ਗਾਂਧੀ ਦੇ ਪ੍ਰਚਾਰ ਦੀ ਗੱਲ ਮੀਡੀਆ ਵਿੱਚ ਆਉਣ ਤੋਂ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਆ ਗਿਆ ਹੈ।
ਸੂਤਰਾਂ ਅਨੁਸਾਰ ਇਸ ਬਾਰੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਨ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ। ਮੀਟਿੰਗ ਵਿੱਚ ਯੂ.ਪੀ. ਵਿੱਚ ਪਾਰਟੀ ਦੇ ਚੋਣ ਪ੍ਰਚਾਰ ਉੱਤੇ ਲੰਮੀ ਦੇਰ ਤੱਕ ਚਰਚਾ ਹੁੰਦੀ ਰਹੀ। ਮਿਲੀ ਜਾਣਕਾਰੀ ਅਨੁਸਾਰ ਪ੍ਰਿਅੰਕਾ ਪਾਰਟੀ ਦੀ ਯੂ.ਪੀ. ਵਿੱਚ ਚੱਲ ਰਹੇ ਪ੍ਰਚਾਰ ਦੀ ਪੂਰੀ ਜਾਣਕਾਰੀ ਪਾਰਟੀ ਆਗੂਆਂ ਤੋਂ ਲੈ ਰਹੀ ਹੈ।