Pro-Khalistan Slogan: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਚਿੰਤਪੂਰਨੀ ਮੰਦਰ ਨੇੜੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖਵਾਏ ਹਨ। ਇਸ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤਸਰ 'ਚ ਭੰਡਾਰੀ ਪੁਲ ਨੇੜੇ ਐਲੀਵੇਟਿਡ ਰੋਡ ਦੇ ਹੇਠਾਂ ਖੰਭਿਆਂ 'ਤੇ ਖਾਲਿਸਤਾਨੀ ਨਾਅਰੇ ਲਿਖਵਾਏ ਸਨ। ਗੁਰਪਤਵੰਤ ਪੰਨੂ ਨੇ ਵੀਡੀਓ ਜਾਰੀ ਕਰਕੇ ਧਮਕੀ ਵੀ ਦਿੱਤੀ ਹੈ।
ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਮਾਤਾ ਚਿੰਤਪੁਰਨੀ ਮੰਦਰ ਨੇੜੇ ਕੰਧਾਂ ’ਤੇ ਖ਼ਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਵੀਡੀਓ ਵੀ ਜਨਤਕ ਹੋਈ ਹੈ, ਜਿਸ ਵਿੱਚ ਉਹ ਕੰਧਾਂ ’ਤੇ ਲਿਖੇ ਨਾਅਰੇ ਦਿਖਾ ਰਿਹਾ ਹੈ ਤੇ ਕਹਿ ਰਿਹਾ ਹੈ ਕਿ 1984 ਦੇ ਸਿੱਖ ਦੰਗਿਆਂ ਵਿੱਚ ਸ਼ਾਮਲ ਕਾਂਗਰਸੀ ਆਗੂਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੁਲਿਸ ਵੀਡੀਓ ਕਲਿੱਪ ਦੀ ਵੀ ਜਾਂਚ ਕਰ ਰਹੀ ਹੈ।
ਦੱਸ ਦਈਏ ਕਿ ਗੁਰਪਤਵੰਤ ਪੰਨੂ ਨੇ ਮੰਗਲਵਾਰ ਨੂੰ ਅੰਮ੍ਰਿਤਸਰ 'ਚ ਭੰਡਾਰੀ ਪੁਲ ਨੇੜੇ ਐਲੀਵੇਟਿਡ ਰੋਡ ਦੇ ਹੇਠਾਂ ਖੰਭਿਆਂ 'ਤੇ ਖਾਲਿਸਤਾਨੀ ਨਾਅਰੇ ਲਿਖਵਾਏ ਸਨ। ਪੰਨੂ ਨੇ ਵੀਡੀਓ ਜਾਰੀ ਕਰਕੇ ਇਹ ਦਾਅਵਾ ਖੁਦ ਕੀਤਾ ਸੀ। ਇਸ ਦੇ ਨਾਲ ਹੀ ਉਸ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਝੰਡੇ ਲਹਿਰਾਉਣ ਦੀ ਗੱਲ ਵੀ ਕਹੀ ਸੀ। ਵੀਡੀਓ 'ਚ ਉਸ ਨੇ ਫਿਰ ਏਅਰ ਇੰਡੀਆ ਦੇ ਬਾਈਕਾਟ ਦੀ ਗੱਲ ਕਹੀ ਸੀ।
ਇਸ ਤੋਂ ਪਹਿਲਾਂ ਪੰਨੂ ਨੇ 4 ਨਵੰਬਰ ਨੂੰ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਭਾਰਤ ਨੇ ਸਿੱਖਾਂ 'ਤੇ ਤਸ਼ੱਦਦ ਕੀਤਾ ਹੈ। ਪੰਜਾਬ ਦੇ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਉਹ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਨਾਂ 'ਤੇ ਦਿੱਲੀ ਏਅਰਪੋਰਟ ਦਾ ਨਾਂ ਬਦਲ ਦੇਣਗੇ। ਬੇਅੰਤ ਸਿੰਘ ਤੇ ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ। ਦੋਵਾਂ ਨੇ 31 ਅਕਤੂਬਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।