ਚੰਡੀਗੜ੍ਹ: ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੁੰਦਿਆਂ ਹੀ ਦੇਸ਼ ਭਰ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ ਹੈ। ਇਸ ਨਾਲ ਨਾ ਸਿਰਫ ਸਿਆਸਤਦਾਨ, ਬਲਕਿ ਆਮ ਲੋਕਾਂ ’ਤੇ ਵੀ ਕਈ ਤਰ੍ਹਾਂ ਦੀਆਂ ਸਖ਼ਤੀਆਂ ਲਾਗੂ ਹੁੰਦੀਆਂ ਹਨ। ਚੋਣ ਜਾਬਤੇ ਦੇ ਹੁੰਦਿਆਂ ਜੇ ਕੋਈ 50 ਹਜ਼ਾਰ ਤੋਂ ਵੱਧ ਨਦਕੀ ਲੈ ਕੇ ਜਾਂਦਾ ਹੈ ਤਾਂ ਇਸ ਦਾ ਪੂਰਾ ਹਿਸਾਬ-ਕਿਤਾਬ ਦੇਣਾ ਪਏਗਾ। ਜੇ ਹਿਸਾਬ ਨਾ ਦਿੱਤਾ ਤਾਂ ਪੈਸਾ ਜ਼ਬਤ ਹੋ ਸਕਦਾ ਹੈ।
ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਏਜੰਟ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੋਈ ਤਰੀਕਾ ਨਾ ਅਪਣਾ ਸਕਣ। ਇਸ ਕੰਮ ਲਈ ਚੋਣ ਕਮਿਸ਼ਨ ਨੇ ਕਈ ਨਿਯਮ ਲਾਗੂ ਕੀਤੇ ਹਨ ਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।
ਚੋਣਾਂ ਲਈ ਚੰਡੀਗੜ੍ਹ ਵਿੱਚ ਫਲਾਇੰਗ ਸਕਵਾਡ ਤੇ ਸਟੈਟਿਕ ਸਰਵਿਲਾਂਸ ਟੀਮ ਬਣਾਈ ਗਈ ਹੈ। ਜੇ ਇਨ੍ਹਾਂ ਵੱਲੋਂ ਚੈਕਿੰਗ ਕਰਦਿਆਂ ਕਿਸੇ ਕੋਲੋਂ 50 ਹਜ਼ਾਰ ਤੋਂ ਵੱਧ ਕੈਸ਼ ਮਿਲਿਆ ਤਾਂ ਇਸ ਦੀ ਪੂਰੀ ਜਾਣਕਾਰੀ ਦੇਣੀ ਪਏਗੀ। ਇਹ ਕੈਸ਼ ਕਿੱਥੋਂ ਆਇਆ ਤੇ ਕਿੱਥੇ ਲੈ ਕੇ ਜਾਣਾ ਹੈ, ਇਸ ਦੇ ਪੂਰੇ ਦਸਤਾਵੇਜ਼ ਦਿਖਾਉਣੇ ਪੈਣਗੇ।
ਜੇ ਕੈਸ਼ ਸਬੰਧੀ ਸਹੀ ਜਾਣਕਾਰੀ ਨਹੀਂ ਦਿੱਤੀ ਤਾਂ ਟੀਮ ਇਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਨੂੰ ਦੇ ਦਏਗੀ ਤੇ ਸਾਰਾ ਕੈਸ਼ ਜ਼ਬਤ ਕਰ ਲਿਆ ਜਾਏਗਾ। ਇਸ ਲਈ ਸਲਾਹ ਦਿੱਤੀ ਗਈ ਹੈ ਕਿ 50 ਹਜ਼ਾਰ ਤੋਂ ਵੱਧ ਕੈਸ਼ ਲੈ ਕੇ ਜਾਣਾ ਹੈ ਤਾਂ ਇਸ ਸਬੰਧੀ ਸਾਰੇ ਦਸਤਾਵੇਜ਼ ਨਾਲ ਰੱਖੋ।
ਇਸ ਤੋਂ ਇਲਾਵਾ ਪਾਰਟੀ ਉਮੀਦਵਾਰ, ਉਸ ਦਾ ਏਜੰਟ ਜਾਂ ਕਿਸੇ ਵੀ ਗੱਡੀ ਵਿੱਚ ਚੋਣਾਂ ਨਾਲ ਸਬੰਧਿਤ ਸਾਮਾਨ, ਸ਼ਰਾਬ, ਹਥਿਆਰ ਤਾਂ 10 ਹਜ਼ਾਰ ਰੁਪਏ ਤਕ ਦੀ ਕੀਮਤ ਦਾ ਤੋਹਫਾ ਤੇ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਮਿਲੀ ਤਾਂ ਉਸ ਦੀ ਚੈਕਿੰਗ ਕੀਤੀ ਜਾਏਗੀ।
ਜੇ ਕਿਸੇ ਬੈਂਕ ਖ਼ਾਤੇ ਵਿੱਚ ਪਿਛਲੇ 2-3 ਮਹੀਨੇ ਵਿੱਚ ਇੱਕ ਲੱਖ ਤੋਂ ਜ਼ਿਆਦਾ ਰੁਪਏ ਦਾ ਲੈਣ-ਦੇਣ ਨਹੀਂ ਹੋਇਆ ਤੇ ਚੋਣਾਂ ਦੌਰਾਨ ਅਜਿਹੀ ਟ੍ਰਾਂਜ਼ੈਕਸ਼ਨ ਮਿਲੀ ਤਾਂ ਇਸ ਦੀ ਪੂਰੀ ਰਿਪੋਰਟ ਲਈ ਜਾਏਗੀ। ਜੇ 10 ਲੱਖ ਤੋਂ ਵੱਧ ਦਾ ਲੈਣ-ਦੇਣ ਹੁੰਦਾ ਹੈ ਤਾਂ ਚੋਣ ਵਿਭਾਗ ਵੱਲੋਂ ਇਨਕਮ ਟੈਕਸ ਵਿਭਾਗ ਦੇ ਨੋਡਲ ਅਫ਼ਸਰ ਨੂੰ ਜਾਣਕਾਰੀ ਭੇਜੀ ਜਾਏਗੀ।