ਗੁਹਾਟੀ/ਅਗਾਰਤਲਾ: ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਉੱਤਰੀ ਪੂਰਬੀ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਚੌਥੇ ਦਿਨ ਵੀ ਜਾਰੀ ਰਹੇ। ਤ੍ਰਿਪੁਰਾ ਤੇ ਅਸਾਮ ਸਭ ਤੋਂ ਵੱਧ ਹਿੰਸਾ ਦਾ ਸ਼ਿਕਾਰ ਹਨ।
ਪਿਛਲੇ 24 ਘੰਟਿਆਂ ਤੋਂ ਤ੍ਰਿਪੁਰਾ 'ਚ ਹਿੰਸਕ ਘਟਨਾਵਾਂ ਦੇ ਚੱਲਦਿਆਂ 2 ਲੋਕਾਂ ਦੀ ਮੌਤ ਹੋ ਗਈ ਤੇ ਤਕਰੀਬਨ 11 ਲੋਕ ਜ਼ਖਮੀ ਹੋਏ ਹਨ। ਮੁਜ਼ਾਹਰਿਆਂ ਤੇ ਹਿੰਸਕ ਘਟਨਾਵਾਂ ਮਗਰੋਂ ਅਸਾਮ ਦੇ 10 ਜ਼ਿਲ੍ਹਿਆਂ 'ਚ ਕਰਫਿਊ ਲਾ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਕਰਫਿਊ ਦੀ ਉਲੰਘਣਾ ਕਰਕੇ ਗੁਹਾਟੀ ਦੀਆਂ ਸੜਕਾਂ ’ਤੇ ਜਮ੍ਹਾਂ ਹਨ।
ਉਧਰ ਤਣਾਅ ਨੂੰ ਦੇਖਦਿਆਂ ਤ੍ਰਿਪੁਰਾ ’ਚ ਫ਼ੌਜ ਸੱਦ ਲਈ ਗਈ ਹੈ ਜਦਕਿ ਅਸਾਮ ਦੇ ਬੌਂਗਾਈਗਾਉਂ ਤੇ ਡਿਬਰੂਗੜ੍ਹ ’ਚ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਫ਼ੌਜ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਹੈ।
ਇਸ ਦੌਰਾਨ ਹਿੰਸਾ ’ਤੇ ਉਤਾਰੂ ਹਜੂਮ ਨੇ ਚਬੂਆ ਤੇ ਪਾਣੀਟੋਲਾ ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਦਿੱਤੀ। ਉਧਰ ਰੇਲਵੇ ਨੇ ਅਸਾਮ ਤੇ ਤ੍ਰਿਪੁਰਾ ਨੂੰ ਜਾਣ ਵਾਲਿਆਂ ਸਾਰੀਆਂ ਰੇਲ ਗੱਡੀਆਂ ਤੇ ਰੋਕ ਲਾ ਦਿੱਤੀ ਹੈ। ਇਸ ਦੇ ਚੱਲਦਿਆਂ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਨਿੱਜੀ ਹਵਾਈ ਕੰਪਨੀਆਂ ਨੇ ਡਿਬਰੂਗੜ੍ਹ ਨੂੰ ਆਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਧ ਕਰ ਦਿੱਤਾ ਹੈ।
ਡਿਬਰੂਗੜ੍ਹ ਵਿੱਚ ਮੁੱਖ ਮੰਤਰੀ ਸੋਨੋਵਾਲ ਦੀ ਸਰਕਾਰੀ ਰਿਹਾਇਸ਼ ’ਤੇ ਪਥਰਾਅ ਵੀ ਕੀਤਾ ਗਿਆ। ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਨਿੱਜੀ ਟੀਵੀ ਚੈਨਲਾਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ। ਮੰਤਰਾਲੇ ਨੇ ਆਦੇਸ਼ ਦਿੱਤੇ ਹਨ ਕਿ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਿੰਸਕ ਸਮੱਗਰੀ ਦਾ ਪ੍ਰਸਾਰਣ ਨਾ ਕੀਤਾ ਜਾਵੇ।
ਇਲਾਕੇ 'ਚ ਤਣਾਅ ਨੂੰ ਦੇਖਦਿਆਂ ਇੰਟਰਨੈੱਟ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਤਾਂ ਜੋ ਕਾਨੂੰਨ ਵਿਵਸਥਾ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਸੋਸ਼ਲ ਮੀਡੀਆ ਦੀ ‘ਦੁਰਵਰਤੋਂ’ ਨੂੰ ਰੋਕਿਆ ਜਾ ਸਕੇ।
ਨਾਗਰਿਕਤਾ ਸੋਧ ਬਿੱਲ 'ਤੇ ਉਬਾਲ, ਤ੍ਰਿਪੁਰਾ 'ਚ ਦੋ ਦੀ ਮੌਤ, ਆਵਾਜਾਈ ਬੁਰੀ ਤਰ੍ਹਾਂ ਠੱਪ, ਇੰਟਰਨੈੱਟ ਸੇਵਾਵਾਂ ਵੀ ਮੁਅੱਤਲ
ਏਬੀਪੀ ਸਾਂਝਾ
Updated at:
12 Dec 2019 05:43 PM (IST)
ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਉੱਤਰੀ ਪੂਰਬੀ ਰਾਜਾਂ ਵਿੱਚ ਹਿੰਸਕ ਪ੍ਰਦਰਸ਼ਨ ਤੇ ਰੋਸ ਮੁਜ਼ਾਹਰੇ ਚੌਥੇ ਦਿਨ ਵੀ ਜਾਰੀ ਰਹੇ। ਤ੍ਰਿਪੁਰਾ ਤੇ ਅਸਾਮ ਸਭ ਤੋਂ ਵੱਧ ਹਿੰਸਾ ਦਾ ਸ਼ਿਕਾਰ ਹਨ।
- - - - - - - - - Advertisement - - - - - - - - -