ਚੰਡੀਗੜ੍ਹ: ਅੱਜ ਯੂਕੇ ਵਿੱਚ ਸਿੱਖ ਫਾਰ ਜਸਟਿਸ ਵੱਲੋਂ 'ਰੈਫਰੰਡਮ 2020' ਲਈ ਕਰਵਾਈ ਰੈਲੀ ਦੇ ਵਿਰੋਧ ਵਿੱਚ ਸ਼ਿਵ ਸੈਨਾ ਹਿੰਦ ਨੇ ਦੇਸ਼ ਦੇ 14 ਸੂਬਿਆਂ ਦੇ 64 ਜ਼ਿਲ੍ਹਿਆਂ ਵਿੱਚ ਰੈਫਰੰਡਮ 2020 ਤੇ ਅੱਤਵਾਦ ਦਾ ਪੁਤਲਾ ਫੂਕਿਆ। ਸ਼ਿਵ ਸੈਨਾ ਹਿੰਦ ਦੇ ਪੰਜਾਬ ਵਾਈਸ ਚੇਅਰਮੈਨ ਰਾਜੇਸ਼ ਮਲਿਕ ਤੇ ਪੰਜਾਬ ਮੀਤ ਪ੍ਰਧਾਨ ਅਰਵਿੰਦ ਗੌਤਮ ਦੀ ਅਗਵਾਈ ਵਿੱਚ ਵਿਰੋਧ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ। ਇਸ ਮੌਕੇ ਸ਼ਿਵ ਸੈਨਿਕਾਂ ਨੇ ਖਾਲਿਸਤਾਨ, 'ਰੈਫਰੰਡਮ 2020' ਤੇ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕੀਤੀ। ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਦੇਸ਼ ਵਿੱਚ ਇਕੱਲਾ ਅਜਿਹਾ ਸੰਗਠਨ ਹੈ ਜਿਸ ਨੇ ਸਭ ਤੋਂ ਪਹਿਲਾਂ 'ਰੈਫਰੰਡਮ 2020' ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤੇ ਇਸ ਦੇ ਖਾਤਮੇ ਲਈ ਬੀਤੇ ਦਿਨ ਖੰਨਾ ਤੋਂ ਮਿਸ਼ਨ ਖਾਤਮਾ 'ਰੈਫਰੰਡਮ 2020' ਦੀ ਸ਼ੁਰੂਆਤ ਕੀਤੀ। ਕੌਮੀ ਸਕੱਤਰ ਕੀਰਤ ਸਿੰਘ ਨੇ ਕਿਹਾ ਕਿ ਸ਼ਿਵ ਸੈਨਾ ਹਿੰਦ ਪੰਜਾਬ ਦੇ ਹਰ ਗਲੀ ਮੁਹੱਲੇ ਵਿੱਚ ਹਿੰਦੂ ਤੇ ਸਿੱਖਾਂ ਨੂੰ ਜਾਗਰੂਕ ਕਰਨ ਲਈ ਘਰ-ਘਰ ਸੰਦੇਸ਼ ਪਹੁੰਚਾਏਗੀ ਕਿ ਪੰਨੂ ਤੇ ਪੰਮਾ ਜਿਹੇ ਗੱਦਾਰ ਪਾਕਿਸਤਾਨੀ ਤੇ ISI ਦੇ ਇਸ਼ਾਰਿਆਂ ’ਤੇ ਹਿੰਦੂ-ਸਿੱਖ ਭਾਈਚਾਰੇ ਨੂੰ ਖਤਮ ਕਰਨ ਦੇ ਉਦੇਸ਼ ਤੇ ਫੰਡਿੰਗ ਦੇ ਲਾਲਚ ਵਿੱਚ 'ਰੈਫਰੰਡਮ 2020' ਮੁਹਿੰਮ ਚਲਾ ਰਹੇ ਹਨ। ਇਸ ਲਈ ਮਿਲ ਕੇ ਇਸ ਮੁਹਿੰਮ ਦਾ ਖਾਤਮਾ ਕਰਨਾ ਹੋਏਗਾ।