ਨਵੀਂ ਦਿੱਲੀ: ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ‘ਚ ਵਿਰੋਧ ਪ੍ਰਦਰਸ਼ਨ ਨੂੰ ਵੇਖਦੇ ਹੋਏ ਪ੍ਰਸਾਸ਼ਨ ਨੇ ਉੱਤਰ ਪ੍ਰਦੇਸ਼ ਦੇ 20 ਜ਼ਿਲ੍ਹਿਆਂ ‘ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ। ਦਿੱਲੀ ਨਾਲ ਲੱਗਦੇ ਗਾਜ਼ਿਆਬਾਦ ‘ਚ ਵੀ ਇੰਟਰਨੈੱਟ ਸੇਵਾ ਵੀਰਵਾਰ ਰਾਤ 10 ਵਜੇ ਤੋਂ 24 ਘੰਟੇ ਲਈ ਇੰਟਰਨੈੱਟ ਬੰਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਲਖਨਊ, ਪ੍ਰਯਾਗਰਾਜ, ਮੇਰਠ ਤੇ ਆਗਰਾ ਸਣੇ ਕਈ ਸ਼ਹਿਰਾਂ ‘ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ।

ਇਨ੍ਹਾਂ ਜ਼ਿਲ੍ਹਿਆਂ ‘ਚ ਇੰਟਰਨੈੱਟ ਬੰਦ ਹੈ: ਲਖਨਊ, ਪ੍ਰਯਾਗਰਾਜ, ਸੁਲਤਾਨਪੁਰ, ਅਲੀਗੜ੍ਹ, ਆਗਰਾ, ਗਾਜ਼ਿਆਬਾਦ, ਮੇਰਠ, ਬਾਗਪਤ, ਬੁਲੰਦਸ਼ਹਿਰ, ਹਾਪੁੜ, ਮੁਜ਼ਫਰਨਗਰ, ਸ਼ਾਮਲੀ, ਸਹਾਰਨਪੁਰ, ਸੰਭਲ, ਮੁਰਾਦਾਬਾਦ, ਰਾਮਪੁਰ, ਫਿਰੋਜ਼ਪੁਰ, ਮਊ, ਆਜਮਗੜ੍ਹ, ਉਨਾਓ।

ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸਾਸ਼ਨ ਨੇ ਕਈ ਹਿੱਸਿਆਂ ‘ਚ ਧਾਰਾ 144 ਲਾਗੂ ਕੀਤੀ ਗਈ ਹੈ। ਸੁਰੱਖਿਆ ਨੂੰ ਵੇਖਦੇ ਹੋਏ ਲਖਨਊ, ਬੁਲੰਦਖੰਡ ਤੇ ਇਲਾਹਾਬਾਦ ਯੂਨੀਵਰਸਿਟੀ ਦੀ ਪ੍ਰੀਖਿਆ ਵੀ ਅਗਲੇ ਹੁਕਮ ਤਕ ਮੁਅੱਤਲ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ ਸ਼ੁੱਕਰਵਾਰ 20 ਦਸੰਬਰ ਤੋਂ ਸ਼ੁਰੂ ਹੋਣੀਆਂ ਸੀ।

ਸੀਏਏ ਖਿਲਾਫ ਉੱਤਰ ਪ੍ਰਦੇਸ਼ ਦੇ ਲਖਨਊ ‘ਚ ਵੀਰਵਾਰ ਨੂੰ ਹਿੰਸਾ ਤੋਂ ਬਾਅਦ ਸੂਬਾ ਸਰਕਾਰ ਨੇ ਸ਼ਨੀਵਾਰ ਦੁਪਹਿਰ ਤਕ ਮੋਬਾਈਲ, ਇੰਟਰਨੈਟ ਤੇ ਐਸਐਮਐਸ ਸੇਵਾਵਾਂ ਨੂੰ ਬੰਦ ਕਰ ਦਿੱਤਾ। ਸੂਬੇ ਦੇ ਮੁੱਖ ਸਕੱਤਰ ਅਵਨੀਸ਼ ਕੁਮਾਰ ਅਵਸਥੀ ਨੇ ਇਸ ਬਾਰੇ ਵੀਰਵਾਰ ਦੇਰ ਰਾਤ ਹੁਕਮ ਜਾਰੀ ਕੀਤੇ ਤੇ ਕਿਹਾ ਕਿ ਇਹ ਆਦੇਸ਼ 19 ਤੋਂ 21 ਦਸੰਬਰ ਤਕ ਲਾਗੂ ਰਹੇਗਾ।