Wrestlers Protest Update : ਦੇਸ਼ ਦੇ ਨਾਮੀ ਪਹਿਲਵਾਨਾਂ ਦਾ ਦਿੱਲੀ ਦੇ ਜੰਤਰ-ਮੰਤਰ 'ਤੇ ਧਰਨਾ ਚੱਲ ਰਿਹਾ ਹੈ। ਮੰਗਲਵਾਰ (25 ਅਪ੍ਰੈਲ) ਨੂੰ ਪਹਿਲਵਾਨਾਂ ਨੇ ਪ੍ਰੈੱਸ ਕਾਨਫਰੰਸ ਕਰ ਕੇ ਸ਼ਿਕਾਇਤ ਦਰਜ ਨਾ ਕਰਨ ਸਮੇਤ ਕਈ ਗੰਭੀਰ ਆਰੋਪ ਲਾਏ। ਪਹਿਲਵਾਨ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਦਿੱਲੀ ਵਿੱਚ ਪਹਿਲਵਾਨਾਂ ਦੇ ਧਰਨੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਹੋਰ ਆਗੂ ਵੀ ਸ਼ਾਮਲ ਹੋਏ।



 

ਓਲੰਪੀਅਨ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, ਮੈਨੂੰ ਨਹੀਂ "ਪਤਾ ਕਿ ਪੁਲਿਸ ਐਫਆਈਆਰ ਕਿਉਂ ਦਰਜ ਨਹੀਂ ਕਰ ਰਹੀ ਹੈ। ਸੁਪਰੀਮ ਕੋਰਟ 'ਤੇ ਸਾਡਾ ਵਿਸ਼ਵਾਸ ਹੋਰ ਵੱਧ ਗਿਆ ਹੈ। ਅਸੀਂ ਸੁਪਰੀਮ ਕੋਰਟ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਜੋ ਆਉਣਾ ਚਾਹੁੰਦਾ ,ਸਾਡੇ ਮੰਚ 'ਤੇ ਸਾਰਿਆਂ ਦਾ ਸਵਾਗਤ ਹੈ।" ਭਾਵੇਂ ਉਹ ਸਿਆਸੀ ਪਾਰਟੀ ਹੋਵੇ ਜਾਂ ਕੋਈ ਹੋਰ, ਜੇਕਰ ਭਾਜਪਾ ਆਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਦਾ ਵੀ ਸਵਾਗਤ ਹੈ।"

 

"ਬਬੀਤਾ ਫੋਗਟ ਦੇ ਜ਼ਬਰਦਸਤੀ ਕਰਵਾਏ ਸਾਈਨ 


ਉਨ੍ਹਾਂ ਕਿਹਾ, "ਤੁਸੀਂ ਕਿਸ ਸਿਸਟਮ ਦੀ ਗੱਲ ਕਰ ਰਹੇ ਹੋ? ਸਾਰਾ ਸਿਸਟਮ ਤਾਂ ਤੁਸੀਂ ਬਰਬਾਦ ਕਰ ਦਿੱਤਾ ਹੈ। ਕਾਨੂੰਨ ਤੋਂ ਵੱਡੀ ਕੋਈ ਚੀਜ਼ ਨਹੀਂ ਹੈ, ਨਾ ਹੀ ਦਿੱਲੀ ਪੁਲਿਸ ਅਤੇ ਨਾ ਹੀ ਕੋਈ ਹੋਰ। ਜੋ ਰਾਜਨੀਤੀ ਸਾਡੇ ਨਾਲ ਪਹਿਲਾਂ ਹੋਈ ਹੈ,ਅਸੀਂ ਨਹੀਂ ਚਾਹੁੰਦੇ ਕਿ ਉਹ ਦੁਬਾਰਾ ਹੋਵੇ। ਦੂਜੇ ਪਾਸੇ ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ, "ਕਮੇਟੀ ਦੇ ਮੈਂਬਰਾਂ ਵਿਚ ਆਪਸ ਵਿੱਚ ਸਹਿਮਤੀ ਨਹੀਂ ਸੀ ,ਰਿਪੋਰਟ ਸਬਮਿਤ ਕਿਵੇਂ ਹੋਈ। ਬਬੀਤਾ ਫੋਗਾਟ ਨੇ ਦੱਸਿਆ ਕਿ ਉਸ ਨੂੰ ਰਿਪੋਰਟ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ ਸੀ।"

 

"ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ"

ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ, "ਕਿਸੇ ਵੀ ਮਹਿਲਾ ਨਾਲ ਕੁਝ ਹੋਇਆ ਹੈ ਤਾਂ ਇਹ ਸਭ ਦੱਸਣਾ ਬਹੁਤ ਮੁਸ਼ਕਲ ਹੁੰਦਾ ਹੈ। ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਜਿਹਾ ਨਾ ਕਰੋ। ਸਾਨੂੰ ਸੁਪਰੀਮ ਕੋਰਟ 'ਤੇ ਭਰੋਸਾ ਹੈ।" ਇਸ ਦੌਰਾਨ ਖਾਪ ਪੰਚਾਇਤ ਦੇ ਨੁਮਾਇੰਦੇ ਨੇ ਕਿਹਾ ਕਿ ਇਹ ਉਹ ਖਿਡਾਰੀ ਹਨ ਜੋ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਹ ਦੇਸ਼ ਲਈ ਮੈਡਲ ਲਿਆਉਂਦੇ ਹਨ। ਜੋ ਹੋ ਰਿਹਾ ਹੈ ਉਹ ਬਹੁਤ ਮੰਦਭਾਗਾ ਹੈ ਅਤੇ ਸਾਡਾ ਸਮਰਥਨ ਖਿਡਾਰੀਆਂ ਦੇ ਨਾਲ ਹੈ।

 

ਸੁਪਰੀਮ ਕੋਰਟ ਨੇ ਜਾਰੀ ਕੀਤਾ ਹੈ ਨੋਟਿਸ  


ਸੱਤ ਮਹਿਲਾ ਪਹਿਲਵਾਨਾਂ, ਜਿਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਜਪਾ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਐਫਆਈਆਰ ਦਰਜ ਨਹੀਂ ਕੀਤੀ ਗਈ ਸੀ, ਨੇ ਵੀ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਜਿਸ 'ਤੇ ਮੰਗਲਵਾਰ ਨੂੰ ਅਦਾਲਤ ਨੇ ਦਿੱਲੀ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤਾ ਹੈ।

ਅਦਾਲਤ ਨੇ ਕਿਹਾ ਕਿ ਨੋਟਿਸ ਜਾਰੀ ਕੀਤਾ ਜਾਂਦਾ ਹੈ। ਸ਼ੁੱਕਰਵਾਰ ਨੂੰ ਸੁਣਵਾਈ ਲਈ ਇਸ ਨੂੰ ਸੂਚੀਬੱਧ ਕਰੋ। ਅਦਾਲਤ ਨੇ ਨਿਆਂਇਕ ਰਿਕਾਰਡ ਤੋਂ ਸੱਤ ਸ਼ਿਕਾਇਤਕਰਤਾ ਪਹਿਲਵਾਨਾਂ ਦੇ ਨਾਂ ਗੁਪਤ ਰੱਖਣ ਲਈ ਵੀ ਨਿਰਦੇਸ਼ ਦਿੱਤੇ ਹਨ। ਮਹਿਲਾ ਪਹਿਲਵਾਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਦਾ ਡਬਲਯੂਐਫਆਈ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਵੱਲੋਂ ਮਹਿਲਾ ਅਥਲੀਟਾਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਉਨ੍ਹਾਂ ਦੇ ਦੋਸ਼ਾਂ ਦੀ ਢੁਕਵੀਂ ਜਾਂਚ ਲਈ ਦਬਾਅ ਜਾਰੀ ਰੱਖਣਗੇ।