ਮੁੰਬਈ: ਪੇਪਰਾਂ ਦੇ ਦਿਨਾਂ ਵਿੱਚ ਇੱਕ 11 ਸਾਲਾਂ ਦਾ ਬੱਚੇ ਨੇ ਆਨਲਾਈਨ ਗੇਮ PUBG ’ਤੇ ਪਾਬੰਧੀ ਲਾਉਣ ਦੀ ਮੰਗ ਕੀਤੀ ਹੈ। ਇਸ ਬੱਚੇ ਨੇ ਆਪਣੀ ਮੰਗ ਮਨਵਾਉਣ ਲਈ ਅਦਾਲਤ ਦਾ ਦਰਵਾਜ਼ਾ ਤਕ ਖੜਕਾ ਦਿੱਤਾ ਹੈ। ਦਰਅਸਲ ਅੱਜਕਲ੍ਹ ਨੌਜਵਾਨਾਂ ’ਤੇ PUBG ਦਾ ਭੂਤ ਸਵਾਰ ਹੈ। ਛੋਟਿਆਂ ਤੋਂ ਲੈ ਕੇ ਵੱਡੇ ਤਕ ਇਸ ਗੇਮ ਵਿੱਚ ਰੁੱਝੇ ਰਹਿੰਦੇ ਹਨ।

ਜਿਸ ਬੱਚੇ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਹੈ, ਉਸ ਦਾ ਨਾਂ ਅਹਿਦ ਨਿਆਜ਼ ਹੈ। ਉਹ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। 11 ਸਾਲਾਂ ਦੇ ਇਸ ਬੱਚੇ ਨੇ ਆਪਣੀ ਵਕੀਲ ਮਾਂ ਮਰੀਅਮ ਨਿਆਜ਼ ਨਾਲ ਸਰਕਾਰ ਤੇ ਅਦਾਲਤ ਨੂੰ PUBG ਖੇਡ ਬੰਦ ਕਰਾਉਣ ਦੀ ਗੁਹਾਰ ਲਾਈ ਹੈ। ਅਹਿਦ ਦਾ ਮੰਨਣਾ ਹੈ ਕਿ ਇਹ ਗੇਮ ਖੇਡਣ ਵਾਲਿਆਂ ਦੇ ਮਨ ਵਿੱਚ ਬੁਰੇ ਖਿਆਲ ਆਉਂਦੇ ਹਨ। ਇਹ ਗੇਮ ਮਾਰ-ਕੁੱਟ ਤੇ ਚੋਰੀ ਵਰਗੀ ਸੋਚ ਨੂੰ ਉਤਸ਼ਾਹਤ ਕਰਦੀ ਹੈ।

ਅਹਿਦ ਨਿਆਜ਼ ਨੇ ਇਸ ਵਜ੍ਹਾ ਕਰਕੇ ਸੂਚਨਾ ਤੇ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਤੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੂੰ ਵੀ ਚਿੱਠੀ ਲਿਖ ਕੇ ਇਸ ਗੇਮ ’ਤੇ ਪਾਬੰਧੀ ਲਾਉਣ ਦੀ ਅਪੀਲ ਕੀਤੀ ਹੈ।

ਦੱਸ ਦੇਈਏ ਕਿ ਇਸ ਗੇਮ ਨੂੰ ਆਨਲਾਈਨ ਖੇਡਿਆ ਜਾਂਦਾ ਹੈ। ਖੇਡ 10 ਮਿੰਟ ਦੀ ਵੀ ਹੋ ਸਕਦੀ ਹੈ ਤੇ ਖੇਡਦੇ-ਖੇਡਦੇ 10 ਘੰਟੇ ਵੀ ਲੱਗ ਸਕਦੇ ਹਨ। ਦੂਰ ਬੈਠੇ ਅਨਜਾਣ ਵਿਅਕਤੀ ਨਾਲ ਟੀਮ ਬਣਾ ਕੇ ਖੇਡ ਖੇਡੀ ਜਾ ਸਕਦੀ ਹੈ। ਖਿਡਾਰੀ ਇੱਕ ਦੂਜੇ ਨਾਲ ਗੱਲ ਵੀ ਕਰ ਸਕਦੇ ਹਨ। ਖੇਡ ਦੇ ਦੌਰਾਨ ਮਾਰੋ, ਬੰਬ ਸੁੱਟੋ, ਸ਼ੂਟ ਕਰੋ, ਗ੍ਰੇਨੇਡ ਸੁੱਟੋ ਤੇ ਲੁੱਟੋ ਤੋਂ ਇਲਾਵਾ ਖਿਡਾਰੀਆਂ ਵੱਲੋਂ ਗਾਲ਼ਾਂ ਕੱਢਣਾ ਵੀ ਆਮ ਗੱਲ ਹੈ। ਇਹ ਖੇਡ ਨਾ ਹੋ ਕੇ ਆਦਤ ਬਣ ਰਹੀ ਹੈ।